
ਡੀਸੀ ਆਸ਼ਿਕਾ ਜੈਨ ਨੇ ਕਣਕ ਦੀ ਸਰਕਾਰੀ ਖ਼ਰੀਦ ਲਈ ਪ੍ਰਬੰਧਾਂ ਦਾ ਜਾਇਜ਼ਾ
ਮੰਡੀਆਂ ’ਚੋਂ ਕਣਕ ਦੀ ਲਿਫ਼ਟਿੰਗ ਵਿੱਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਕਣਕ ਦੀ ਸਰਕਾਰੀ ਖ਼ਰੀਦ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਸਮੂਹ ਅਨਾਜ ਮੰਡੀਆਂ ’ਚੋਂ ਕਣਕ ਦੀ ਚੁਕਾਈ ਦ ਕੰਮ ਵਿੱਚ ਤੇਜ਼ੀ ਲਿਆਉਣ ਹਦਾਇਤਾਂ ਜਾਰੀ ਕੀਤੀਆਂ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੂਡ ਸਪਾਈ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀਮਤੀ ਜੈਨ ਨੇ ਆਉਂਦੇ ਦਿਨਾਂ ਵਿੱਚ ਕਣਕ ਦੀ ਆਮਦ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਲਿਫ਼ਟਿੰਗ ਦੇ ਕਾਰਜ ’ਤੇ ਰੋਜ਼ਮੱਰਾ ਦੇ ਆਧਾਰ ’ਤੇ ਨਿਗਰਾਨੀ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਐਤਵਾਰ ਸ਼ਾਮ ਤੱਕ 2454 ਮੀਟਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਜਿਸ ’ਚੋਂ 128 ਮੀਟਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਜਦੋਂਕਿ 72 ਮੀਟਰਿਕ ਟਨ ਕਣਕ ਪ੍ਰਾਈਵੇਟ ਏਜੰਸੀਆਂ ਵੱਲੋਂ ਖਰੀਦੀ ਗਈ ਹੈ। ਉਨ੍ਹਾਂ ਨੇ ਪ੍ਰਾਈਵੇਟ ਏਜੰਸੀਆਂ ਵੱਲੋਂ ਖ਼ਰੀਦ ਵਿੱਚ ਦਿਖਾਈ ਜਾ ਰਹੀ ਰੁਚੀ ’ਤੇ ਖ਼ੁਸ਼ੀ ਜਾਹਰ ਕੀਤੀ। ਡੀਸੀ ਨੇ ਕਣਕ ਦੀ ਖ਼ਰੀਦ ਅਤੇ ਲਿਫ਼ਟਿੰਗ ਤੋਂ ਇਲਾਵਾ ਮੰਡੀਆਂ ਵਿੰਚ ਰੱਖ-ਰਖਾਓ, ਬਿਜਲੀ-ਪਾਣੀ ਅਤੇ ਸਫ਼ਾਈ ਪ੍ਰਬੰਧਾਂ, ਪਖਾਨਿਆਂ, ਖ਼ਰੀਦ ਕੇਂਦਰ ਤੋਂ ਸਟੋਰੇਜ ਪੁਆਇੰਟ ਤੱਕ ਕਣਕ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਵਿੱਚ ਵਾਹਨ ਟਰੈਕਿੰਗ ਸਿਸਟਮ ਲਗਾਉਣ ਦਾ ਵੀ ਜਾਇਜ਼ਾ ਲਿਆ।
ਸ੍ਰੀਮਤੀ ਜੈਨ ਨੇ ਖ਼ਰੀਦ ਪ੍ਰਬੰਧਾਂ ਨਾਲ ਜੁੜੇ ਹੋਏ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਪੂਰੀ ਚੌਕਸੀ ਵਰਤਣ ਦੀ ਹਦਾਇਤ ਕੀਤੀ ਤਾਂ ਜੋ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਨੇ ਨਿਰਧਾਰਿਤ ਸਮੇਂ ਵਿੱਚ ਫ਼ਸਲ ਦੀਆਂ ਅਦਾਇਗੀਆਂ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸੇ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਕਣਕ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਮੰਡੀਆਂ ਵਿੱਚ ਖ਼ਰੀਦ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਲ ਨਾ ਆਵੇ।
ਗੌਰਤਲਬ ਹੈ ਕਿ ਇਸ ਸਾਲ ਜ਼ਿਲ੍ਹੇ ਵਿੱਚ 46000 ਹੈਕਟੇਅਰ ਰਕਬੇ ਵਿੱਚ ਕਣਕ ਬੀਜੀ ਗਈ ਹੈ ਅਤੇ 1,96,000 ਮੀਟਰਿਕ ਟਨ ਕਣਕ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖ਼ਰੀਦ ਲਈ 1,39,053 ਮੀਟਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪ੍ਰਬੰਧਾਂ ਦੇ ਮਾਮਲੇ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਵਿੱਚ ਏਡੀਸੀ ਦਮਨਜੀਤ ਸਿੰਘ ਮਾਨ, ਐਸਡੀਐਮ ਸਰਬਜੀਤ ਕੌਰ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸਡੀਐਮ ਖਰੜ ਰਵਿੰਦਰ ਪਾਲ ਸਿੰਘ, ਡੀਐਫ਼ਐਸਸੀ ਮੇਜਰ ਗਰਪ੍ਰੀਤ ਸਿੰਘ ਕੰਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।