
ਡੀਸੀ ਵੱਲੋਂ ਮੁਹਾਲੀ ਵਿੱਚ ਸਬਜ਼ੀ ਮੰਡੀਆਂ\ਹਫ਼ਤਾਵਾਰੀ ਆਪਣੀ ਮੰਡੀਆਂ ਵੀ ਕੀਤੀਆਂ ਬੰਦ
ਅਗਲੇ ਹੁਕਮਾਂ ਤੱਕ ਸਿਰਫ਼ ਕੈਮਿਸਟ ਅਤੇ ਰਾਸ਼ਨ ਦੀਆਂ ਦੁਕਾਨਾਂ ਹੀ ਰਹਿਣਗੀਆਂ ਖੁੱਲ੍ਹੀਆਂ
ਲੋਕਹਿੱਤ ਵਿੱਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀਆਂ 12 ਵਿਸ਼ੇਸ਼ ਨਿਗਰਾਨ ਟੀਮਾਂ ਦਾ ਗਠਨ
ਕਰੋਨਾਵਾਇਸ: ਸਰਕਾਰ ਦੀਆਂ ਹਦਾਇਤਾਂ ਇੰਨਬਿੰਨ ਲਾਗੂ ਕਰਵਾਉਣ ਲਈ ਅਫ਼ਸਰਾਂ ਦੀ ਜ਼ਿੰਮੇਵਾਰ ਕੀਤੀ ਤੈਅ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਚੀਨ ਸਮੇਤ ਹੋਰਨਾਂ ਮੁਲਕਾਂ ਵਿੱਚ ‘ਕਰੋਨਾਵਾਇਰਸ’ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਤਾਜ਼ਾ ਹੁਕਮ ਜਾਰੀ ਕਰਕੇ ਮੁਹਾਲੀ ਜ਼ਿਲ੍ਹੇ ਦੀ ਹੱਦ ਅੰਦਰ ਸਾਰੀਆਂ ਸਬਜ਼ੀਆਂ ਮੰਡੀਆਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਲਗਦੀਆਂ ਹਫ਼ਤਾਵਾਰੀ ਆਪਣੀ ਮੰਡੀ (ਕਿਸਾਨ ਮੰਡੀਆਂ) ਵੀ ਬੰਦ ਰੱਖਣ ਲਈ ਕਿਹਾ ਗਿਆ ਹੈ। ਡੀਸੀ ਨੇ ਕਿਹਾ ਕਿ ਹਾਲਾਂਕਿ ਜ਼ਿਲ੍ਹਾ ਮੁਹਾਲੀ ਵਿੱਚ ਹੁਣ ਤੱਕ ਕਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਫਿਰ ਵੀ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀਆਂ ਅਤੇ ਆਪਣੀਆਂ ਮੰਡੀਆਂ ਵਿੱਚ ਸਬਜ਼ੀਆਂ ਅਤੇ ਫਲ ਫਰੂਟ ਖਰੀਦਣ ਵਾਲਿਆਂ ਦੀ ਜ਼ਿਆਦਾ ਭੀੜ ਲੱਗੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਤੁਰੰਤ ਪ੍ਰਭਾਵ ਨਾਲ ਇਹ ਕਦਮ ਚੁੱਕਿਆ ਗਿਆ ਹੈ।
ਡੀਸੀ ਗਿਰੀਸ਼ ਦਿਆਲਨ ਨੇ ਲੋਕਹਿੱਤ ਵਿੱਚ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ 12 ਵਿਸ਼ੇਸ਼ ਨਿਗਰਾਨ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਤਹਿਸੀਲਦਾਰ, ਐਸਐਮਓ ਸਮੇਤ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਇਸ ਸਬੰਧੀ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਅਤੇ ਏਐਸਪੀ (ਸਿਟੀ-1) ਅਸ਼ਵਨੀ ਗੋਟਿਆਲ ਅਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਸਬ ਡਿਵੀਜ਼ਨਲ ਕਮੇਟੀ ਦੀ ਓਵਰਆਲ ਸੁਪਰਵੀਜ਼ਨ ਕਰਨਗੇ। ਇਸ ਤੋਂ ਇਲਾਵਾ ਲੋਕਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿੱਚ ਜ਼ਿਲ੍ਹਾ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਬਿਮਾਰੀ ਤੋਂ ਪੀੜਤ ਜਾਂ ਸ਼ੱਕੀ ਮਰੀਜ਼ਾਂ ਬਾਰੇ ਕੰਟਰੋਲ ਰੂਮ ਦੇ ਨੰਬਰ 0172-2219505 ਅਤੇ 2219506 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਨੰਬਰਾਂ ’ਤੇ ਕੋਈ ਵੀ ਸੂਚਨਾ ਪ੍ਰਾਪਤ ਹੋਣ ’ਤੇ ਟੈਲੀਫੋਨ ਅਪਰੇਟਰ ਤੁਰੰਤ ਸਬੰਧਤ ਨੋਡਲ ਅਫ਼ਸਰਾਂ ਨੂੰ ਅਗਲੀ ਕਾਰਵਾਈ ਹਿੱਤ ਸੂਚਨਾ ਦੇਣਾ ਯਕੀਨੀ ਬਣਾਉਣਗੇ।
ਡੀਸੀ ਨੇ ਕਰੋਨਾਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ 5 ਮਾਰਚ ਨੂੰ ਜਾਰੀ ਰੈਗੂਲੇਸ਼ਨ ਤਹਿਤ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਜ਼ਿੰਮੇਵਾਰ ਤੈਅ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਭਲਾਈ ਅਫ਼ਸਰ ਸੁਖ ਸਾਗਰ ਸਿੰਘ ਨੂੰ ਨੋਡਲ ਅਫ਼ਸਰ (ਸਿਵਲ ਪ੍ਰਸ਼ਾਸਨ), ਡੀਐਸਪੀ (ਸਿਟੀ) ਦੀਪ ਕੰਵਲ ਨੂੰ ਨੋਡਲ ਅਫ਼ਸਰ (ਪੁਲੀਸ) ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੂੰ ਨੋਡਲ ਅਫ਼ਸਰ (ਸਿਹਤ ਵਿਭਾਗ) ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਵੱਖ ਵੱਖ 32 ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ\ਇੰਚਾਰਜਾਂ ਨੂੰ ਉਕਤ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਲਿਖਿਆ ਗਿਆ ਹੈ।
ਡੀਸੀ ਨੇ ਲੋਕਾਂ ਨੂੰ ਵੱਡੇ ਇਕੱਠਾਂ ਤੋਂ ਦੂਰ ਰਹਿਣ ਅਤੇ ਸਮਾਗਮਾਂ ਵਿੱਚ 50 ਵਿਅਕਤੀ ਜਾਂ ਇਸ ਤੋਂ ਘੱਟ ਇਕੱਠ ਕਰਨ ਸਬੰਧੀ ਸਰਕਾਰ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਰੋਨਾਵਾਇਰਸ ਦੇ ਵਧ ਰਹੇ ਖ਼ਤਰੇ ਨੂੰ ਘੱਟ ਕਰਨ ਲਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮਾਗਮਾਂ ਦੌਰਾਨ ਇਕੱਠ ਨੂੰ 50 ਜਾਂ ਇਸ ਤੋਂ ਘੱਟ ਵਿਅਕਤੀਆਂ ਤੱਕ ਹੀ ਸੀਮਤ ਰੱਖਣ।