
ਬ੍ਰਹਮ ਸ਼ੰਕਰ ਜਿੰਪਾ ਵੱਲੋਂ ਡੀਸੀ ਕੰਪਲੈਕਸ ਦੀ ਚੈਕਿੰਗ, ਨਾਇਬ ਤਹਿਸੀਲਦਾਰ ਗੈਰ ਹਾਜ਼ਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ ਅਚਨਚੇਤ ਛਾਪਾ ਮਾਰਿਆ। ਇਸ ਦੌਰਾਨ ਨਾਇਬ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਗੈਰ-ਹਾਜ਼ਰ ਪਾਇਆ ਗਿਆ। ਜਿਸ ਬਾਰੇ ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ ਤੋਂ ਲਿਖਤੀ ਰਿਪੋਰਟ ਮੰਗੀ ਗਈ ਹੈ। ਚੈਕਿੰਗ ਦੌਰਾਨ ਸੁਵਿਧਾ ਕੇਂਦਰ ਵਿੱਚ ਕਈ ਖ਼ਾਮੀਆਂ ਪਾਈਆਂ ਗਈਆਂ ਹਨ। ਮੰਤਰੀ ਨੇ ਸੁਵਿਧਾ ਕੇਂਦਰਾਂ ਸਮੇਤ ਹੋਰਨਾਂ ਸਰਕਾਰੀ ਦਫ਼ਤਰਾਂ ਵਿਚਲੀਆਂ ਖ਼ਾਮੀਆਂ ਨੂੰ ਫੌਰੀ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਲੋਕਾਂ ਨੇ ਮੰਤਰੀ ਨੂੰ ਦੱਸਿਆ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋ ਰਹੇ ਹਨ, ਉਨ੍ਹਾਂ ਦੇ ਕੰਮ ਸਮੇਂ ਸਿਰ ਨਹੀਂ ਕੀਤੇ ਜਾਂਦੇ ਹਨ, ਬਲਕਿ ਉਨ੍ਹਾਂ ਨੂੰ ਸਬੰਧਤ ਕੰਮਾਂ ਲਈ ਦੋ ਚਾਰ ਦਿਨ ਬਾਅਦ ਆਉਣ ਲਈ ਕਿਹਾ ਜਾਂਦਾ ਹੈ।
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੇ ਕੰਮਾਂ-ਕਾਰਾਂ ਲਈ ਆਏ ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ। ਉਂਜ ਚੈਕਿੰਗ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਦਫ਼ਤਰਾਂ ਵਿੱਚ ਕੰਮ-ਕਾਜ ਤਸੱਲੀਬਖ਼ਸ਼ ਪਾਇਆ ਗਿਆ। ਕੈਬਨਿਟ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਹੋਰ ਦਫ਼ਤਰਾਂ ਵਿੱਚ ਹੋਰ ਲੋਕ-ਪੱਖੀ ਮਾਹੌਲ ਸਿਰਜਣ ਦੀ ਤਾਕੀਦ ਵੀ ਕੀਤੀ ਅਤੇ ਪੈਂਡਿੰਗ ਮਾਮਲਿਆਂ ਦਾ ਜਲਦੀ ਨਿਪਟਾਰਾ ਕਰਨ ਲਈ ਆਖਿਆ।

ਉਧਰ, ਡੀਸੀ ਦਫ਼ਤਰ ਦੀ ਜਾਣਕਾਰੀ ਅਨੁਸਾਰ ਨਾਇਬ ਤਹਿਸੀਲਦਾਰ ਕੋਲ ਮੰਡੀ ਬੋਰਡ ਦਾ ਵੀ ਚਾਰਜ ਹੈ। ਉਹ ਉੱਥੇ ਗਏ ਹੋਏ ਸੀ ਕਿਉਂਕਿ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਸਮੇਂ ਕਣਕ ਦੀ ਆਮਦ ਅਤੇ ਖ਼ਰੀਦ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਏਡੀਸੀ ਸ੍ਰੀਮਤੀ ਕੋਮਲ ਮਿੱਤਲ ਨੇ ਫੋਨ ’ਤੇ ਮਾਲ ਅਧਿਕਾਰੀ ਦੀ ਮੰਤਰੀ ਨਾਲ ਗੱਲ ਵੀ ਕਰਵਾਈ ਗਈ।