
ਡੀਸੀ ਵੱਲੋਂ ਸਿੱਖਿਆ ਅਦਾਰਿਆਂ ਨੂੰ ਟੀਚਿੰਗ/ਨਾਨ-ਟੀਚਿੰਗ ਸਟਾਫ਼ ਦਾ ਕਰੋਨਾ ਟੈਸਟ ਕਰਵਾਉਣ ਦੀ ਅਪੀਲ
ਅਗੇਤੀ ਮਨਜ਼ੂਰੀ ਅਤੇ ਸਖ਼ਤ ਕੋਵਿਡ-19 ਪ੍ਰੋਟੋਕੋਲਾਂ ਦੀ ਪਾਲਣਾ ਕਰਦਿਆਂ ਰਾਮਲੀਲਾ ਖੇਡਣ ਲਈ ਦਿੱਤੀ ਜਾਵੇਗੀ ਆਗਿਆ
ਸਿਨੇਮਾ ਹਾਲ/ਥੀਏਟਰ/ਮਲਟੀਪਲੈਕਸ ਅਗਲੇ ਨਿਰਦੇਸ਼ਾਂ ਤੱਕ ਦੁਬਾਰਾ ਨਹੀਂ ਖੋਲ੍ਹੇ ਜਾਣਗੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ‘ਸਕੂਲਾਂ, ਕੋਚਿੰਗ ਸੰਸਥਾਵਾਂ ਅਤੇ ਕੁੱਝ ਉੱਚ ਵਿੱਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਮਿਲਣ ਤੋਂ ਬਾਅਦ ਕੋਵਿਡ-19 ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਸਮੂਹ ਵਿੱਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਜਿਹੜੇ ਵਿੱਦਿਅਕ ਅਦਾਰੇ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਨਿਰਧਾਰਿਤ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਅਤੇ ਪ੍ਰਬੰਧਕ ਆਪਣੇ ਟੀਚਿੰਗ/ਨਾਨ-ਟੀਚਿੰਗ ਸਟਾਫ਼ ਦਾ ਕਰੋਨਾ ਟੈਸਟ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਇਸ ਮਹਾਮਾਰੀ ਦੀ ਲਾਗ ਤੋਂ ਬਚਿਆ ਜਾ ਸਕੇ।
ਡੀਸੀ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ, ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਸਕੂਲੀ ਵਿਦਿਆਰਥੀ (ਸਿਰਫ਼ 9ਵੀਂ ਤੋਂ ਬਾਰ੍ਹਵੀਂ ਜਮਾਤ), ਰਿਸਰਚ ਸਕਾਲਰਜ਼ ਜਾਂ ਕੱੁਝ ਪੋਸਟ-ਗਰੈਜੂਏਸ਼ਨ ਵਿਦਿਆਰਥੀ ਸਕੂਲਾਂ/ਸੰਸਥਾਵਾਂ ਵਿੱਚ ਜਾਂਦੇ ਹਨ ਤਾਂ ਸਬੰਧਤ ਸੰਸਥਾਵਾਂ ਨੂੰ ਆਪਣੇ ਸਟਾਫ਼ ਦਾ ਕੋਵਿਡ-19 ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਉਪਰਾਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਹਾਇਤਾ ਕਰੇਗਾ ਅਤੇ ਵਿੱਦਿਅਕ ਅਦਾਰਿਆਂ ਦੇ ਸਟਾਫ਼ ਲਈ ਟੈਸਟਿੰਗ ਕੈਂਪਾਂ ਦਾ ਵਿਸ਼ੇਸ਼ ਪ੍ਰਬੰਧ ਕਰੇਗਾ।
ਰਾਮਲੀਲਾ ਦੇ ਆਯੋਜਨ ਨਾਲ ਜੁੜੇ ਸਵਾਲਾਂ ਦੇ ਜਵਾਬ ਵਿੱਚ ਦਿਆਲਨ ਨੇ ਕਿਹਾ ਕਿ ‘ਕੰਟੇਨਮੈਂਟ ਜ਼ੋਨ ਦੇ ਬਾਹਰ ਹੋਣ ਵਾਲੇ ਸਾਰੇ ਸਮਾਜਿਕ/ਅਕਾਦਮਿਕ/ਖੇਡਾਂ/ਮਨੋਰੰਜਨ/ਸਭਿਆਚਾਰਕ/ਧਾਰਮਿਕ/ਰਾਜਨੀਤਿਕ ਕਾਰਜਾਂ ਅਤੇ ਹੋਰ ਇਕੱਠਾਂ ਲਈ ਪਹਿਲਾਂ ਹੀ 100 ਵਿਅਕਤੀਆਂ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਇਹ ਆਗਿਆ ਇਸ ਸ਼ਰਤ ਦੇ ਅਧੀਨ ਹੈ ਕਿ 200 ਵਿਅਕਤੀਆਂ ਦੀ ਸਮਰੱਥਾ ਵਾਲੀਆਂ ਬੰਦ ਥਾਵਾਂ ਵਾਲੇ ਹਾਲ ਵਿੱਚ ਵੱਧ ਤੋਂ ਵੱਧ 50 ਫ਼ੀਸਦ ਵਿਅਕਤੀਆਂ ਨੂੰ ਇਜਾਜ਼ਤ ਹੋਵੇਗੀ। ਖੁੱਲ੍ਹੇ ਸਥਾਨਾਂ ਵਿਚ ਇਕੱਠ ਕਰਨ ਲਈ ਜ਼ਮੀਨ/ਜਗ੍ਹਾ ਦੇ ਆਕਾਰ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਸਬ ਡਵੀਜ਼ਨ ਨਾਲ ਸਬੰਧਤ ਐਸਡੀਐਮ ਕੋਲੋਂ ਅਗੇਤੀ ਮਨਜ਼ੂਰੀ ਲੈਣਾ ਲਾਜ਼ਮੀ ਹੈ। ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ, ਥਰਮਲ ਸਕੈਨਿੰਗ ਦਾ ਪ੍ਰਬੰਧ ਅਤੇ ਹੈਂਡਵਾਸ਼ ਜਾਂ ਸੈਨੇਟਾਈਜ਼ਰ ਦੀ ਵਰਤੋਂ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਸਿਨੇਮਾ ਹਾਲ/ਥੀਏਟਰ/ਮਲਟੀਪਲੈਕਸ ਅਗਲੇ ਨਿਰਦੇਸ਼ਾਂ ਤੱਕ ਮੁੜ ਨਹੀਂ ਖੋਲ੍ਹੇ ਜਾ ਸਕਣਗੇ।