
ਡੀਸੀ ਵੱਲੋਂ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਅਫ਼ਸਰਾਂ ਨੂੰ ਸਾਂਝੇ ਯਤਨਾਂ ’ਤੇ ਜ਼ੋਰ
ਡੀਸੀ ਆਸ਼ਿਕਾ ਜੈਨ ਨੇ ਸੜਕ ਸੁਰੱਖਿਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਾਂਝੇ ਤੌਰ ’ਤੇ ਉਚੇਚੇ ਯਤਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਡੀਸੀ ਨੇ ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਮੁੱਖ ਸੜਕਾਂ ’ਤੇ ਮਾਰਕ ਕੀਤੀਆਂ ਹਾਦਸੇ ਵਾਲੀਆਂ 80 ਥਾਵਾਂ (ਬਲੈਕ ਸਪੋਟਸ) ਦੀ ਸਮੀਖਿਆ ਕੀਤੀ।
ਸ੍ਰੀਮਤੀ ਜੈਨ ਨੇ ਨੈਸ਼ਨਲ ਹਾਈਵੇਅ ਅਥਾਰਟੀ, ਗਮਾਡਾ, ਪੀਡਬਲਿਊਡੀ (ਬੀ ਐਂਡ ਆਰ), ਮੁਹਾਲੀ ਨਗਰ ਨਿਗਮ ਅਤੇ ਪੁਲੀਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸੜਕ ਦੁਰਘਟਨਾਵਾਂ ਵਾਲੀਆਂ ਉਪਰੋਕਤ ਥਾਵਾਂ ਨੂੰ ਦਰੁਸਤ ਕਰਨ ਲਈ ਰੋਡ ਸੇਫ਼ਟੀ ਨਾਲ ਸਬੰਧਤ ਮਾਹਰਾਂ ਦੀ ਸਲਾਹ ਲੈਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਸੇਫ਼ ਸਕੂਲ ਵਾਹਨ ਸਕੀਮ ਤਹਿਤ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੀਤੀ ਕਾਰਵਾਈ ਦੀ ਸਮੀਖਿਆ ਵੀ ਕੀਤੀ। ਇਸ ਸਕੀਮ ਤਹਿਤ ਗਠਿਤ ਕੀਤੀ ਗਈ ਇੰਸਪੈਕਸ਼ਨ ਕਮੇਟੀ ਨੂੰ ਵੱਖ-ਵੱਖ ਸਕੂਲਾਂ ਵੱਲੋਂ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਘਰ ਛੱਡਣ ਜਾਣ ਲਈ ਚਲਾਈਆਂ ਜਾ ਰਹੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਇਨ੍ਹਾਂ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਵੀ ਨਿਰਦੇਸ਼ ਦਿੱਤੇ।
ਡੀਸੀ ਨੇ ਕੌਮੀ ਮਾਰਗਾਂ ਦੇ ਆਲੇ-ਦੁਆਲੇ ਕੱਟੀਆਂ ਕਲੋਨੀਆਂ ਦੇ ਨਾਲ-ਨਾਲ ਸਰਵਿਸ ਲਾਇਨ ਬਣਾਉਣ ’ਤੇ ਜ਼ੋਰ ਦਿੱਤਾ ਅਤੇ ਲੋੜ ਅਨੁਸਾਰ ਸਬੰਧਤ ਥਾਵਾਂ ’ਤੇ ਟਰੈਫ਼ਿਕ ਲਾਈਟਾਂ ਲਗਾਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਗੋਪਾਲ ਸਵੀਟਸ ਖਰੜ, ਬੱਸ ਸਟੈਂਡ ਖਰੜ, ਸਹੌੜਾ ਕੱਟ, ਜਗਤਪੁਰਾ ਆਦਿ ਥਾਵਾਂ ’ਤੇ ਟਰੈਫ਼ਿਕ ਲਾਈਟਾਂ ਲਗਾਉਣ ਦੀ ਹਦਾਇਤ ਕੀਤੀ। ਫੁੱਟਪਾਥ ਦੀ ਮੁਰੰਮਤ, ਸਪੀਡ ਲਿਮਟ ਲਈ ਬੋਰਡ ਲਗਾਉਣ ਦੇ ਹੁਕਮ ਵੀ ਦਿੱਤੇ। ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਨ ਲਈ ਕਿਹਾ।
ਮੀਟਿੰਗ ਵਿੱਚ ਏਡੀਸੀ ਦਮਨਜੀਤ ਸਿੰਘ ਮਾਨ, ਐਸਡੀਐਮ ਸਰਬਜੀਤ ਕੌਰ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸਪੀ ਜਗਜੀਤ ਸਿੰਘ ਜੱਲਾ, ਸਹਾਇਕ ਕਮਿਸ਼ਨਰ ਤਰਸੇਮ ਚੰਦ, ਏਐਸਆਈ ਜਨਕ ਰਾਜ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।