
ਡੀਸੀ ਵੱਲੋਂ ਸ਼ਹਿਰ ਦੀਆਂ ਸੜਕਾਂ ਤੋਂ ਟਰੈਫ਼ਿਕ ਘਟਾਉਣ ਤੇ ਨਿਯਮਿਤ ਕਰਨ ਦੀ ਯੋਜਨਾ ’ਤੇ ਜ਼ੋਰ
ਏਅਰਪੋਰਟ ਸੜਕ ’ਤੇ ਬਿਨਾਂ ਰੁਕਾਵਟ ਆਵਾਜਾਈ ਲਈ ਟਰੈਫ਼ਿਕ ਲਾਈਟਾਂ ਦੀ ਟਾਈਮਿੰਗ ਸੈੱਟ ਕਰਨ ਲਈ ਕਿਹਾ
ਰੇਲਵੇ ਅਧਿਕਾਰੀਆਂ ਨੂੰ ਲੋੜੀਂਦੀਆਂ ਯੋਜਨਾਵਾਂ ਦੀ ਪ੍ਰਵਾਨਗੀ ਵਿੱਚ ਤੇਜ਼ੀ ਲਿਆਉਣ ਦੀ ਕੀਤੀ ਅਪੀਲ
ਨਬਜ਼-ਏ-ਪੰਜਾਬ, ਮੁਹਾਲੀ, 5 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਹਿਰ ਦੀਆਂ ਸੜਕਾਂ, ਖਾਸ ਕਰਕੇ ਏਅਰਪੋਰਟ ਸੜਕ ’ਤੇ ਟਰੈਫ਼ਿਕ ਦਾ ਭੀੜ-ਭੜੱਕਾ ਘਟਾਉਣ ਅਤੇ ਨਿਯਮਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੋਜ਼ਾਨਾ ਇਸ ਰੂਟ ’ਤੇ ਚੱਲਣ ਵਾਲੇ ਯਾਤਰੀਆਂ ਨੂੰ ਰਾਹਤ ਦੇਣ ਲਈ ਯੋਜਨਾ ’ਤੇ ਸਮੇਂ ਸਿਰ ਕੰਮ ਕਰਨ ਦੇ ਆਦੇਸ਼ ਦਿੱਤੇ ਹਨ। ਡੀ-ਕੰਜੈਸ਼ਨ ਯੋਜਨਾ ਤਹਿਤ ਸਹਿਯੋਗੀ ਵਿਭਾਗਾਂ ਅਤੇ ਏਜੰਸੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ‘‘ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਉਹ ਕਾਗਜ਼ੀ ਕਾਰਵਾਈ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵੱਲ ਵਧੀਏ। ਨਿਗਮ ਕਮਿਸ਼ਨਰ ਪਰਮਿੰਦਰਪਾਲ ਸਿੰਘ, ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਮੱਲੀ, ਯੂਟੀ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਡੀਸੀ ਸ੍ਰੀਮਤੀ ਮਿੱਤਲ ਨੇ ਕਿਹਾ ਕਿ ਯੋਜਨਾ ਨੂੰ ਸਾਕਾਰ ਕਰਨ ਲਈ ਲੋੜੀਂਦੇ ਕੰਮ ਅਤੇ ਪ੍ਰਵਾਨਗੀਆਂ ਦੇਣ ਦੀ ਕਾਰਵਾਈ ਤੇਜ਼ ਕੀਤੀ ਜਾਵੇ।
ਉਨ੍ਹਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਨੂੰ ਬਾਵਾ ਵਾਈਟ ਹਾਊਸ ਤੋਂ ਸ਼ੁਰੂ ਹੋਣ ਵਾਲੇ ਨਵੇਂ ਰੂਟ ’ਤੇ ਲੰਬਿਤ ਰੇਲਵੇ ਦੀ ਪ੍ਰਵਾਨਗੀ ਨੂੰ ਤੇਜ਼ ਕਰਨ ਦੀ ਅਪੀਲ ਦੇ ਨਾਲ ਏਅਰਪੋਰਟ ਸੜਕ ’ਤੇ ਜੇਐਲਪੀਐਲ ਕਰਾਸਿੰਗ ’ਤੇ ਦੋ ਵਾਧੂ ਬਾਕਸਾਂ ਦੀ ਉਸਾਰੀ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਇੱਥੇ ਪੈਦਾ ਹੋਣ ਵਾਲੀਆਂ ਟਰੈਫ਼ਿਕ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ।
ਇੰਜ ਹੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਗੁਰਦੁਆਰਾ ਸਾਂਝਾ ਸਾਹਿਬ ਨੇੜੇ ਕਬਜ਼ੇ ਹਟਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਥੇ ਜੰਕਸ਼ਨ ਤਿਆਰ ਕਰਨ ਲਈ ਰਸਤਾ ਪੱਧਰਾ ਹੋਵੇਗਾ। ਏਸੀਏ ਗਮਾਡਾ ਅਤੇ ਇੰਜੀਨੀਅਰਿੰਗ ਵਿੰਗ ਨੂੰ ਅਜੀਤ ਪ੍ਰੈਸ ਰੋਡ ਤੋਂ ਸੈਕਟਰ-74 ਤੱਕ ਸੜਕ ਚਾਰ-ਮਾਰਗੀ ਕਰਨ ਦੇ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਕਿਹਾ ਜੋ ਪੀਆਰ 6 ਨੂੰ ਮਿਲ ਕੇ ਇੱਕ ਹੋਰ ਸਮਾਨਾਂਤਰ ਸੜਕੀ ਰਸਤਾ ਪ੍ਰਦਾਨ ਕਰੇਗਾ।
ਏਅਰਪੋਰਟ ਸੜਕ ’ਤੇ ਟਰੈਫ਼ਿਕ ਲਾਈਟਾਂ ਦੇ ਸਿੰਕ੍ਰੋਨਾਈਜ਼ੇਸ਼ਨ (ਤਾਲਮੇਲ) ਲਈ ਸ਼ਹਿਰ ਵਾਸੀਆਂ ਦੇ ਫੀਡਬੈਕ ਨੂੰ ਸਵੀਕਾਰ ਕਰਦਿਆਂ ਡੀਸੀ ਸ੍ਰੀਮਤੀ ਮਿੱਤਲ ਨੇ ਕਮਿਸ਼ਨਰ ਨੂੰ ਐਸਪੀ (ਟਰੈਫ਼ਿਕ) ਨਾਲ ਸਲਾਹ-ਮਸ਼ਵਰਾ ਕਰਕੇ ਟਰੈਫ਼ਿਕ ਸਿਗਨਲਾਂ ਨੂੰ ਸਿੰਕ੍ਰੋਨਾਈਜ਼ ਕਰਨ ਲਈ ਕਿਹਾ ਤਾਂ ਜੋ ਹਰੇਕ ਲਾਈਟ ’ਤੇ ਟਰੈਫ਼ਿਕ ਰੁਕਣ ਦੇ ਸਮੇਂ ਦੀ ਬੱਚਤ ਹੋ ਸਕੇ। ਡੀਸੀ ਨੇ ਏਡੀਸੀ (ਜ) ਗੀਤਿਕਾ ਸਿੰਘ ਨੂੰ ਸਾਰੇ ਸਹਿਯੋਗੀ ਵਿਭਾਗਾਂ ਨਾਲ ਨਿਯਮਤ ਤਾਲਮੇਲ ਬਣਾਉਣ ਦਾ ਕੰਮ ਸੌਂਪਦਿਆਂ ਕਿਹਾ ਕਿ ਵਾਹਨ ਚਾਲਕ ਅਤੇ ਲੋਕ ਜ਼ਮੀਨੀ ਪੱਧਰ ’ਤੇ ਠੋਸ ਨਤੀਜੇ ਚਾਹੁੰਦੇ ਹਨ, ਇਸ ਲਈ ਸਾਨੂੰ ਜ਼ਮੀਨੀ ਪੱਧਰ ’ਤੇ ਟਰੈਫ਼ਿਕ ਭੀੜ-ਭੜੱਕੇ ਨੂੰ ਘਟਾਉਣ ਦੀ ਯੋਜਨਾ ਨੂੰ ਸਮੇਂ ਸਿਰ ਲਾਗੂ ਕਰਕੇ ਉਨ੍ਹਾਂ ਦੀਆਂ ਉਮੀਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਅਤੇ ਐਸਪੀ (ਟਰੈਫ਼ਿਕ) ਐਚਐਸ ਮਾਨ ਵੀ ਇਸ ਚਰਚਾ ਦਾ ਹਿੱਸਾ ਸਨ।