
ਡੀਸੀ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਨਸ਼ਿਆਂ ਦੇ ਖ਼ਿਲਾਫ਼ ਬਾਜ ਅੱਖ ਰੱਖਣ ’ਤੇ ਜ਼ੋਰ
ਜ਼ਿਲ੍ਹਾ ਮੁਹਾਲੀ ਵਿੱਚ ਨਸ਼ਿਆਂ ਖ਼ਿਲਾਫ਼ ਪੇਂਡੂ ਮਿਸ਼ਨ ਟੀਮਾਂ ਕਾਇਮ ਕੀਤੀਆਂ ਜਾਣਗੀਆਂ: ਡੀਸੀ ਗਿਰੀਸ਼ ਦਿਆਲਨ
ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਨਿਵੇਕਲਾ ਤਰੀਕਾ ਅਪਣਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਮੁਹਾਲੀ ਪ੍ਰਸ਼ਾਸਨ ਨੇ ਪਹਿਲਕਦਮੀ ਕਰਦਿਆਂ ਨਸ਼ਿਆਂ ਖ਼ਿਲਾਫ਼ ਆਪਣੇ ਪੱਧਰ ’ਤੇ ਨਿਵੇਕਲੇ ਐਕਸ਼ਨ ਪਲਾਨ ਤਹਿਤ ਪਿੰਡ ਮਿਸ਼ਨ ਟੀਮਾਂ ਕਾਇਮ ਕੀਤੀਆਂ ਜਾਣਗੀਆਂ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਮਿਸ਼ਨ ਟੀਮ ਦੀ ਮੀਟਿੰਗ ਦੌਰਾਨ ਪਿੰਡ ਪੱਧਰ ’ਤੇ ਮਿਸ਼ਨ ਟੀਮਾਂ ਕਾਇਮ ਕਰਨ ਦੇ ਫੈਸਲੇ ਨੂੰ ਹਰੀ ਝੰਡੀ ਦਿਖਾਈ। ਮੀਟਿੰਗ ਵਿੱਚ ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸਪੀ (ਐਚ) ਗੁਰਸੇਵਕ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਰਾਹੀ ਹਾਜ਼ਰ ਸਨ।
ਜ਼ਿਲ੍ਹਾ ਮੁਹਾਲੀ ਨੂੰ ਨਸ਼ਾ ਮੁਕਤ ਕਰਨ ਦੇ ਨਵੇਂ ਪਲਾਨ ’ਤੇ ਰੌਸ਼ਨੀ ਪਾਉਂਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸ਼ੁਰੂ ਕੀਤੀ ਲੜਾਈ ਹੁਣ ਨਿਰਣਾਇਕ ਦੌਰ ਵਿੱਚ ਪਹੁੰਚ ਗਈ ਹੈ। ਇਸ ਮੰਤਵ ਦੀ ਪੂਰਤੀ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਖ਼ਤਰੇ ਨਾਲ ਨਜਿੱਠਣ ਲਈ ਐਨਫੋਰਸਮੈਂਟ, ਨਸ਼ਾ ਮੁਕਤ ਤੇ ਰੋਕਥਾਮ ਲਈ ਤਿੰਨ ਦਿਸ਼ਾ ਵਿੱਚ ਰਣਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ‘ਪਿੰਡ ਮਿਸ਼ਨ ਟੀਮਾਂ ਤੇ ਨਸ਼ਾ ਨਿਗਰਾਨ ਕਮੇਟੀਆਂ’ ਰਾਹੀਂ ਇਸ ਐਕਸ਼ਨ ਪਲਾਨ ਨੂੰ ਪਿੰਡ ਪੱਧਰ ਉੱਤੇ ਲਾਗੂ ਕਰਨਾ ਯਕੀਨੀ ਬਣਾਉਣ। ਇਨ੍ਹਾਂ ਟੀਮਾਂ ਵਿੱਚ ਪੰਚਾਇਤ ਸਕੱਤਰਾਂ ਤੇ ਪਟਵਾਰੀਆਂ ਨੂੰ ਵੀ ਸਿਖਲਾਈ ਦਿਵਾ ਕੇ ਸ਼ਾਮਲ ਕੀਤਾ ਜਾਵੇ। ਡੀਸੀ ਨੇ ਕਿਹਾ ਕਿ ਸਬੰਧਤ ਵਿਭਾਗਾਂ ਤੇ ਟੀਮਾਂ ਨਸ਼ਾ ਮੁਕਤ ਪਿੰਡਾਂ ਤੇ ਖਿੱਤਿਆਂ ਵਿੱਚ ਕੀਤੇ ਕੰਮਾਂ ਦਾ ਰਿਕਾਰਡ ਰੱਖਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਤੋਂ ਇਲਾਵਾ ਇਸ ਸਬੰਧੀ ਕੋਈ ਰਹਿੰਦੀ ਤਰੁੱਟੀ ’ਤੇ ਬਾਜ ਅੱਖ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਐਕਸ਼ਨ ਪਲਾਨ ਨੂੰ ਡੈਪੋ ਤੇ ਬਡੀ ਪ੍ਰੋਗਰਾਮਾਂ ਦੀ ਤਰਜ਼ ਉੱਤੇ ਹੀ ਲਾਗੂ ਕੀਤਾ ਜਾ ਰਿਹਾ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਪੱਧਰ ਉੱਤੇ ਖੇਡ ਮੁਕਾਬਲਿਆਂ ਤੇ ਨੁੱਕੜ ਨਾਟਕਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਸ਼ਿਆਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ, ਘੱਟ ਪ੍ਰਭਾਵਿਤ ਤੇ ਨਸ਼ਾ ਮੁਕਤ ਪਿੰਡਾਂ ਦੀਆਂ ਸੂਚੀਆਂ ਤਿਆਰ ਕਰਨ। ਜੇ ਲੋੜ ਪਈ ਤਾਂ ਐਸਟੀਐਫ਼ ਦੇ ਅਧਿਕਾਰੀਆਂ ਨੂੰ ਵੀ ਇਸ ਵਿੱਚ ਸ਼ਾਮਲ ਕਰਕੇ ਉਨ੍ਹਾਂ ਤੋਂ ਇਨ੍ਹਾਂ ਸੂਚੀਆਂ ਦਾ ਵਿਸ਼ਲੇਸ਼ਣ ਕਰਵਾਇਆ ਜਾਵੇਗਾ। ਡੀਸੀ ਨੇ ਪੁਲੀਸ ਵਿਭਾਗ ਨੂੰ ਝੁੱਗੀਆਂ ਝੌਂਪੜੀਆਂ ਤੇ ਨਸ਼ਿਆਂ ਦੀ ਵਿਕਰੀ ਦੀ ਸੰਭਾਵਨਾ ਵਾਲੀਆਂ ਹੋਰ ਥਾਵਾਂ ’ਤੇ ਚੌਕਸੀ ਰੱਖਣ ਲਈ ਵੀ ਕਿਹਾ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਾਈਵੇਟ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰਾਂ ਦੀ ਜਾਂਚ ਕਰਨ ਅਤੇ ਦਵਾਈਆਂ ਦੀ ਆਨਲਾਈਨ ਵਿਕਰੀ ’ਤੇ ਤਿੱਖੀ ਨਜ਼ਰ ਰੱਖਣ।