
ਡੀਸੀ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਲਈ ਪ੍ਰੇਰਿਆ
ਐਲ-3 ਵਿੱਚ ਬੈੱਡ ਉਪਲੱਬਧ ਹੋਣ ਤੱਕ ਮਰੀਜ਼ਾਂ ਨੂੰ ਐਲ-2 ਵਿੱਚ ਭਰਤੀ ਕੀਤਾ ਜਾਵੇ: ਡੀਸੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਗੰਭੀਰ ਦੇਖਭਾਲ ਦੀ ਲੋੜ ਵਾਲੇ ਮਰੀਜ਼ਾਂ ਨੂੰ ਤੁਰੰਤ ਰਾਹਤ ਦੇਣ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮੁਹਾਲੀ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਨੂੰ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਨ ਤੋਂ ਇਨਕਾਰ ਨਾ ਕਰਨ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ‘ਮਰੀਜ਼ਾਂ ਦੇ ਅਟੈਂਡੈਂਟ ਦੀ ਮਨਜ਼ੂਰੀ ਨਾਲ ਐਲ-3 ਬੈੱਡ ਉਪਲਬਧ ਹੋਣ ਤੱਕ ਐਲ-3 ਮਰੀਜ਼ ਨੂੰ ਐਲ-2 ਵਿੱਚ ਦਾਖ਼ਲ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਦਾਖ਼ਲੇ ਵਿੱਚ ਕਮੀ ਦੀ ਸੂਰਤ ਵਿੱਚ ਗੰਭੀਰ ਮਰੀਜ਼ ਨੂੰ ਘਰ ਵਾਪਸ ਭੇਜਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਪ੍ਰੰਤੂ ਹੇਠਲੇ ਪੱਧਰ ਦੀ ਸਿਹਤ ਸਹੂਲਤ ਵਿੱਚ ਦਾਖ਼ਲ ਕਰਨ ਨਾਲ ਮਰੀਜ਼ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ ਅਤੇ ਡਾਕਟਰੀ ਨਿਗਰਾਨੀ ਹੇਠ ਰੱਖਣ ਨਾਲ ਮਰੀਜ਼ ਨੂੰ ਠੀਕ ਹੋਣ ਦੀ ਆਸ ਬੱਝਦੀ ਹੈ।
ਸਮਾਜ ਸੇਵੀ ਲੋਕਾਂ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਸਬੰਧਤ ਧਿਰਾਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਹਿਰ ਦੇ ਲੋਕਾਂ ਵੱਲੋਂ ਐਲ-2 ਸੇਵਾਵਾਂ ਦੀ ਲੋੜ ਵਾਲੇ ਕੋਵਿਡ ਮਰੀਜ਼ਾਂ ਲਈ 4 ਤੋਂ 5 ਬੈੱਡ ਅਤੇ 10 ਕੋਵਿਡ ਬੈੱਡ ਸਥਾਪਿਤ ਕਰਨ ਸਬੰਧੀ ਕਈ ਪੇਸ਼ਕਸ਼ਾਂ ਮਿਲ ਰਹੀਆਂ ਹਨ। ਸ੍ਰੀ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਖੁੱਲ੍ਹ-ਦਿਲੀ ਅਤੇ ਆਪਣੇ ਭਰਾਵਾਂ ਦਾ ਸਾਥ ਦੇਣ ਦੀ ਦਿਲੀ ਇੱਛਾ ਦੀ ਕਦਰ ਕਰਦੇ ਹਨ ਅਤੇ ਉਹ ਪੰਜਾਬੀਆਂ ਦੀ ਸਾਥ ਦੇਣ ਦੀ ਭਾਵਨਾ ਦੀ ਵੀ ਕਦਰ ਕਰਦੇ ਹਨ। ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੈਡੀਕਲ/ਪੈਰਾ ਮੈਡੀਕਲ ਸਟਾਫ਼ ਦੀ ਘਾਟ ਦੇ ਮੱਦੇਨਜ਼ਰ 50 ਬੈੱਡਾਂ ਤੋਂ ਘੱਟ ਸਮਰੱਥਾ ਵਾਲਾ ਇਕਾਂਤਵਾਸ ਕੇਂਦਰ ਬਣਾਉਣਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾਲ 50 ਬੈੱਡ ਜਾਂ ਇਸ ਤੋਂ ਵੱਧ ਦੀ ਸਹੂਲਤ ਸਬੰਧੀ ਪੇਸ਼ਕਸ਼ ਦਾ ਸਵਾਗਤ ਹੈ। ਸਥਾਨ ਸਬੰਧੀ ਸਰਟੀਫਿਕੇਟ ਲੈਣ ਲਈ ਸਿਵਲ ਸਰਜਨ ਨਾਲ ਸੰਪਰਕ ਕਰੋ।
ਇਸੇ ਦੌਰਾਨ ਕੋਵਿਡ ਲੜਾਈ ਵਿੱਚ ਦਰਪੇਸ਼ ਮਸਲਿਆਂ ਦੇ ਹੱਲ ਲਈ ਸਬ-ਡਵੀਜ਼ਨਲ ਪੱਧਰ ’ਤੇ ਤਾਇਨਾਤ ਐਸਡੀਐਮਜ਼ ਅਤੇ ਡਾਕਟਰਾਂ ਨਾਲ ਹੋਈ ਇੱਕ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਦੇਰ ਰਾਤ ਕੋਵਿਡ ਨਾਲ ਹੋਣ ਵਾਲਿਆਂ ਮੌਤਾਂ ਦੇ ਮੱਦੇਨਜ਼ਰ ਸਬ ਡਵੀਜ਼ਨਲ ਹਸਪਤਾਲਾਂ ਵਿੱਚ ਮੌਰਚਰੀ ਫਰਿੱਜਾਂ ਨੂੰ ਪ੍ਰਵਾਨਗੀ ਦਿੱਤੀ। ਉਨ੍ਹਾਂ ਮ੍ਰਿਤਕ ਦੇਹਾਂ ਨੂੰ ਸਸਕਾਰ ਕਰਨ ਲਈ ਲਿਜਾਉਣ ਵਾਲੇ ਪਰਿਵਾਰਾਂ ਨੂੰ ਬੇਲੋੜੀ ਉਡੀਕ ਦੇ ਸਦਮੇ ਤੋਂ ਬਚਾਉਣ ਲਈ ਪ੍ਰਤੀ ਸਬ-ਡਵੀਜ਼ਨ 3 ਫਿਊਨਰਲ ਵੈਨਾਂ ਕਿਰਾਏ ’ਤੇ ਲੈਣ ਦਾ ਅਧਿਕਾਰ ਵੀ ਦਿੱਤਾ ਹੈ।