ਡੀਸੀ ਵੱਲੋਂ ਕਿਰਤੀਆਂ ਦੇ ਬੈਂਕ ਖਾਤੇ ਖੁਲਵਾਉਣ ’ਤੇ ਜ਼ੋਰ
ਰੋਜ਼ਾਨਾ ਖੋਲ੍ਹੇ ਗਏ ਖਾਤਿਆਂ ਦੀ ਜਾਣਕਾਰੀ ਸਦਰ ਦਫ਼ਤਰ ਨੂੰ ਭੇਜਣ ਦੀ ਹਦਾਇਤ, ਕਿਰਤੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ
ਨਿਊਜ਼ ਡੈਸਕ ਸਰਵਿਸ
ਮੁਹਾਲੀ, 2 ਦਸੰਬਰ
ਕਿਰਤ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ- ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਕਿਰਤੀਆਂ ਦੀ ਤਨਖਾਹ ਦੀ ਅਦਾਇਗੀ ਉਨ੍ਹਾਂ ਨੂੰ ਸਮੇਂ ਸਿਰ ਦੇਣੀ ਯਕੀਨੀ ਬਣਾਉਣ ਲਈ ਜਿਨ੍ਹਾਂ ਕਿਰਤੀਆਂ ਨੇ ਅਜੇ ਤੱਕ ਬੈਂਕ ਅਕਾਉਂਟ ਨਹੀਂ ਖੁਲਵਾਏ , ਉਨ੍ਹਾਂ ਦੇ ਬੈਂਕ ਅਕਾਉਂਟ ਤੁਰੰਤ ਖਲਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਡੀ.ਐਸ. ਮਾਗਟ ਨੇ ਦੱਸਿਆ ਕਿ ਕਿਰਤੀਆਂ ਦੀ ਤਨਖਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੀ ਦੇਰੀ ਦੇ ਜਮ੍ਹਾਂ ਕਰਵਾਉਣ ਹਿੱਤ ਸਹਾਇਕ ਕਿਰਤ ਕਮਿਸ਼ਨਰ / ਕਿਰਤ ਤੇ ਸਲਾਹ ਅਫ਼ਸਰ ਅਤੇ ਡਿਪਟੀ / ਸਹਾਇਕ ਡਾਇਰੈਕਟਰ ਆਫ ਫੈਕਟਰੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਰਤੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਬੈਂਕ ਅਕਾਉਂਟ ਹਰ ਹਾਲਤ ਵਿਚ ਤੁਰੰਤ ਖਲਵਾਉਣੇ ਯਕੀਨੀ ਬਣਾਉਣ ਅਤੇ ਇਸ ਕੰਮ ਲਈ ਕਿਰਤੀਆਂ ਨੂੰ ਜਾਗਰੂਕ ਕਰਨ ਲਈ ਸਪੈਸ਼ਲ ਕੈਂਪ ਵੀ ਲਗਾਏ ਜਾਣ । ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਹਦਾਇਤ ਕੀਤੀ ਹੈ ਕਿ ਕਿਰਤੀਆਂ ਦੇ ਰੋਜ਼ਾਨਾਂ ਖੋਲ੍ਹੇ ਗਏ ਖਾਤਿਆਂ ਬਾਰੇ ਜਾਣਕਾਰੀ ਸਦਰ ਦਫ਼ਤਰ ਨੂੰ ਭੇਜੀ ਜਾਵੇ। ਡਿਪਟੀ ਕਮਿਸ਼ਨਰ ਸ਼੍ਰੀ ਮਾਂਗਟ ਨੇ ਕਿਰਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਤਨਖਾਹ ਦੀ ਸਮੇਂ ਸਿਰ ਅਦਾਇਗੀ ਲਈ ਆਪਣੇ ਬੈਂਕ ਖਾਤੇ ਤਰੰਤ ਖਲਵਾਉਣ , ਤਾਂ ਜੋ ਉਨ੍ਹਾਂ ਨੂੰ ਆਪਣੀ ਤਨਖਾਹ ਦੀ ਅਦਾਇਗੀ ਲਈ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ ।