Nabaz-e-punjab.com

ਡੀਸੀ ਗਿਰੀਸ਼ ਦਿਆਲਨ ਵੱਲੋਂ 7583 ਕਰੋੜ ਰੁਪਏ ਦੀ ਜ਼ਿਲ੍ਹਾ ਕਰਜ਼ਾ ਯੋਜਨਾ ਜਾਰੀ

ਠੰਢੇ ਬਸਤੇ ਵਿੱਚ ਪਏ ਕੇਸਾਂ ਦਾ ਇਕ ਹਫ਼ਤੇ ਦੇ ਅੰਦਰ ਅੰਦਰ ਨਿਬੇੜਾ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਜ਼ਿਲ੍ਹਾ ਲੀਡ ਬੈਂਕ (ਪੰਜਾਬ ਨੈਸ਼ਨਲ ਬੈਂਕ) ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਮਾਰਚ 2019 ਨੂੰ ਖ਼ਤਮ ਹੋਈ ਤਿਮਾਹੀ ਦੌਰਾਨ ਬੈਂਕਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਪੀਐਨਬੀ ਪਟਿਆਲਾ ਦੇ ਸਰਕਲ ਹੈੱਡ ਐਸ.ਕੇ. ਥਾਪਰ ਅਤੇ ਐਲਡੀਐਮ ਮੁਹਾਲੀ ਦੇ ਮੁਖੀ ਦਰਸ਼ਨ ਸੰਧੂ ਵੀ ਹਾਜ਼ਰ ਸਨ।
ਇਸ ਮੌਕੇ ਡੀਸੀ ਨੇ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੀ ਸਾਲ 2019-20 ਦੀ ਜ਼ਿਲ੍ਹਾ ਕਰਜ਼ ਯੋਜਨਾ ਜਾਰੀ ਕੀਤੀ। ਇਸ ਯੋਜਨਾ ਵਿੱਚ 7583.56 ਕਰੋੜ ਰੁਪਏ ਦਾ ਕਰਜ਼ ਦੇਣ ਦੀ ਤਜਵੀਜ਼ ਹੈ। ਜਿਸ ’ਚੋਂ 6100 ਕਰੋੜ ਰੁਪਏ ਤਰਜੀਹੀ ਖੇਤਰਾਂ ਲਈ ਰਾਖਵੇਂ ਰੱਖੇ ਜਾਣਗੇ। ਉਨ੍ਹਾਂ ਨੇ ਸਾਰੇ ਬੈਂਕਰਾਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਅਤੇ ਖਾਦੀ ਤੇ ਵਿਲੇਜ ਇੰਡਸਟਰੀ ਬੋਰਡ ਵਰਗੀਆਂ ਸਰਕਾਰੀ ਸਕੀਮਾਂ ਅਧੀਨ ਲਮਕ ਵਿੱਚ ਪਏ ਕੇਸਾਂ ਦਾ ਇਕ ਹਫ਼ਤੇ ਵਿੱਚ ਨਿਬੇੜਾ ਕਰਨ। ਉਨ੍ਹਾਂ ਜ਼ਿਲ੍ਹੇ ਵਿੱਚ ਕਰਜ਼ ਦੇਣ ਵਿੱਚ ਤੇਜ਼ੀ ਲਿਆਉਣ ਲਈ ਬੈਂਕਾਂ ਨੂੰ ‘ਸਟੈਂਡ ਅੱਪ ਇੰਡੀਆ’ ਤਹਿਤ ਪ੍ਰਤੀ ਬੈਂਕ ਕਰਜ਼ਿਆਂ ਦੀ ਮਨਜ਼ੂਰੀ ਦੋ ਫੀਸਦੀ ਵਧਾਉਣ ਉੱਤੇ ਵੀ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਵੱਖ ਵੱਖ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਰਜੀਹੀ ਖੇਤਰ ਨੂੰ ਕਰਜ਼ਿਆਂ ਦਾ ਟੀਚਾ 46.23 ਫੀਸਦੀ ਹਾਸਲ ਕੀਤਾ, ਜਦੋਂਕਿ ਕੌਮੀ ਪੱਧਰ ’ਤੇ ਇਹ ਟੀਚਾ 40 ਫੀਸਦੀ ਹੀ ਹਾਸਲ ਕੀਤਾ ਗਿਆ। ਕਰਜ਼ ਬਰਾਮਦਗੀ ਦਰ ਵੀ ਕੌਮੀ ਪੱਧਰ ਦੇ 60 ਫੀਸਦੀ ਦੇ ਮੁਕਾਬਲੇ ਜ਼ਿਲ੍ਹੇ ਵਿੱਚ 67.87 ਫੀਸਦੀ ਰਹੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 31 ਮਾਰਚ ਤੱਕ 15573 ਲਾਭਪਾਤਰੀਆਂ ਨੂੰ ਕਰਜ਼ ਦੇਣ ਦੀ ਮਨਜ਼ੂਰੀ ਦਿੱਤੀ ਗਈ, ਜਦੋਂਕਿ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਤਹਿਤ 98318 ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 33549 ਲਾਭਪਾਤਰੀਆਂ ਨੂੰ 31 ਮਾਰਚ 2019 ਤੱਕ ਲਾਭ ਪਹੁੰਚਾਇਆ ਗਿਆ। ਨਾਬਾਰਡ ਦੇ ਡੀਡੀਐਮ ਸੰਜੀਵ ਸ਼ਰਮਾ ਨੇ ਡੇਅਰੀ ਉੱਦਮੀ ਵਿਕਾਸ ਸਕੀਮ ਬਾਰੇ ਚਰਚਾ ਕੀਤੀ ਅਤੇ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…