Nabaz-e-punjab.com

ਡੀਸੀ ਗਿਰੀਸ਼ ਦਿਆਲਨ ਵੱਲੋਂ ਫਲਾਈ ਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਹੁਕਮ

ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਕੰਪਨੀ ਨੂੰ ਸਰਵਿਸ ਰੋਡ ਦੀ ਮੁਰੰਮਤ ਕਰਨ ਦੇ ਵੀ ਦਿੱਤੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਮੁਹਾਲੀ ਦੀ ਜੂਹ ਨੇੜਿਓਂ ਬਲੌਂਗੀ ਤੋਂ ਖਾਨਪੁਰ ਟੀ ਪੁਆਇੰਟ ਤੱਕ ਬਣਾਏ ਜਾ ਰਹੇ ਫਲਾਈਓਵਰ ਅਤੇ ਐਲੀਵੇਟਿਡ ਸੜਕ ਦੀ ਉਸਾਰੀ ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਿਰਮਾਣ ਕੰਪਨੀ ਨੂੰ ਉਸਾਰੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਤਾਂ ਜੋ ਇਸ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਕੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਸਹੂਲਤ ਦਾ ਲਾਭ ਮਿਲ ਸਕੇ। ਉਨ੍ਹਾਂ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਇਸ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਸਰਵਿਸ ਰੋਡ ਦੀ ਤੁਰੰਤ ਮੁਰੰਮਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਮੁਹਾਲੀ ਦੀ ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਤਹਿਸੀਲਦਾਰ ਰਵਿੰਦਰ ਬਾਂਸਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਐਨਐਚਏਆਈ ਦੇ ਪ੍ਰਾਜੈਕਟ ਡਾਇਰੈਕਟ ਕ੍ਰਿਸ਼ਨਨ ਸਚਦੇਵਾ ਨੇ ਮੰਗ ਕੀਤੀ ਕਿ ਫਲਾਈਓਵਰ ਅਤੇ ਐਲੀਵੇਟਿਡ ਸੜਕ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਮੁਹਾਲੀ ਅਤੇ ਚੰਡੀਗੜ੍ਹ ਜਾਣ ਵਾਲੀ ਟਰੈਫ਼ਿਕ ਨੂੰ ਖਾਨਪੁਰ ਚੌਕ ਤੋਂ ਕੁਰਾਲੀ-ਸਿਸਵਾਂ ਟੀ-ਪੁਆਇੰਟ ਦੇ ਰਸਤੇ ਮੋੜਿਆ ਜਾਵੇ ਤਾਂ ਜੋ ਲੋਕਾਂ ਨੂੰ ਖਾਨਪੁਰ ਚੌਕ ਪੁਲ ਢਹਾਉਣ ਸਮੇਂ ਆਉਣ-ਜਾਣ ਲਈ ਬਦਲਵਾਂ ਰਸਤਾ ਮਿਲ ਸਕੇ। ਇਸ ਸਬੰਧੀ ਡੀਸੀ ਗਿਰੀਸ਼ ਦਿਆਲਨ ਨੇ ਤੁਰੰਤ ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ, ਖਰੜ ਦੇ ਐਸਡੀਐਮ ਹਿਮਾਂਸ਼ੂ ਜੈਨ ਅਤੇ ਐਸਪੀ (ਟਰੈਫ਼ਿਕ) ਕੇਸਰ ਸਿੰਘ ਧਾਲੀਵਾਲ ਇਸ ਸਬੰਧੀ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਡੀਸੀ ਨੇ ਐਨਐਚਏਆਈ ਨੂੰ ਖਾਨਪੁਰ ਵਿੱਚ ਢਾਹੇ ਜਾਣ ਵਾਲੇ ਪੁਲ ਦੇ ਨਾਲ ਲੱਗਦੇ ਨਵੇਂ ਪੁਲ ਦੇ ਨਿਰਮਾਣ ਦਾ ਕੰਮ 30 ਅਪਰੈਲ ਤੱਕ ਪੂਰਾ ਕਰਨ ਦੀ ਆਖ਼ਰੀ ਮੋਹਲਤ ਦਿੱਤੀ। ਉਨ੍ਹਾਂ ਪ੍ਰਾਜੈਕਟ ਸਬੰਧੀ ਕਾਰਜ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸਾਫ਼ ਆਖਿਆ ਕਿ ਉਸਾਰੀ ਕਾਰਜਾਂ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਦਿਆਲਨ ਨੇ ਕਿਹਾ ਕਿ ਪ੍ਰਾਜੈਕਟ ਸਬੰਧੀ ਕੋਈ ਪ੍ਰਵਾਨਗੀ ਲੈਣ ਲਈ ਡੀਸੀ ਦਫ਼ਤਰ ਆਉਣ ਦੀ ਕੋਈ ਲੋੜ ਨਹੀਂ ਹੈ। ਸਾਰੀਆਂ ਪ੍ਰਵਾਗਨੀਆਂ ਐਸਡੀਐਮ ਦਫ਼ਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਡੀਸੀ ਨੇ ਪਾਵਰਕੌਮ ਦੇ ਐਕਸੀਅਨ ਨੂੰ ਖਾਨਪੁਰ ਵਿੱਚ ਹਾਈ ਟੈਨਸ਼ਨ ਲਾਈਨਾਂ ਨੂੰ ਤਬਦੀਲ ਕਰਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਸਬੰਧੀ ਪਹਿਲਾਂ 30 ਅਪਰੈਲ ਤੱਕ ਮੋਹਲਤ ਦਿੱਤੀ ਗਈ ਸੀ ਲੇਕਿਨ ਹੁਣ ਇਸ ਨੂੰ ਘਟਾ ਕੇ 31 ਮਾਰਚ ਕਰ ਦਿੱਤੀ ਗਈ ਹੈ। ਉਨ੍ਹਾਂ ਐਨਐਚਏਆਈ ਨੂੰ ਆਪਸੀ ਸਹਿਮਤੀ ਨਾਲ ਬਾਕੀ ਜ਼ਮੀਨ ਦਾ ਐਕਵਾਇਰ ਕਰਨ ਦੀ ਪ੍ਰਕਿਰਿਆ ਛੇਤੀ ਖ਼ਤਮ ਕਰਨ ਦੇ ਆਦੇਸ਼ ਦਿੰਦਿਆਂ ਡੀਸੀ ਦਫ਼ਤਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਯੂਟੀਲਿਟੀ ਸ਼ਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ।
ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਲਗਾਤਾਰ ਲਮਕਣ ਕਾਰਨ ਰਾਹਗੀਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਨਵੰਬਰ 2015 ਵਿੱਚ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਸੀ। ਸੜਕ ਦੇ ਦੋਵੇਂ ਪਾਸਿਓਂ 900 ਤੋਂ ਵੱਧ ਹਰੇ ਭਰੇ ਰੁੱਖ ਵੀ ਕੱਟੇ ਜਾ ਚੁੱਕੇ ਹਨ ਅਤੇ ਹੁਣ ਕਾਫ਼ੀ ਮਕਾਨ ਤੇ ਦੁਕਾਨਾਂ ਵੀ ਢਾਹ ਦਿੱਤੀਆਂ ਗਈਆਂ ਹਨ। ਇਸ ਦੇ ਬਾਵਜੂਦ ਇਹ ਪ੍ਰਾਜੈਕਟ ਲਗਾਤਾਰ ਪਛੜਦਾ ਜਾ ਰਿਹਾ ਹੈ। ਖਰੜ ਤੋਂ ਮੁਹਾਲੀ ਤੱਕ ਮਹਿਜ਼ 8 ਤੋਂ 10 ਮਿੰਟ ਦਾ ਪੈਂਡਾ ਤੈਅ ਕਰਨ ਲਈ ਟਰੈਫ਼ਿਕ ਜਾਮ ਹੋਣ ਕਾਰਨ ਰਾਹਗੀਰਾਂ ਨੂੰ ਪੌਣਾ ਘੰਟਾ ਜਾਂ ਇਸ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਅਤੇ ਕਈ ਵਾਰ ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਵਾਹਨ ਚਾਲਕਾਂ ਵਿੱਚ ਟਕਰਾਅ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…