Nabaz-e-punjab.com

ਡੀਸੀ ਗਿਰੀਸ਼ ਦਿਆਲਨ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਖੁੱਲ੍ਹੇ ਬੋਰਵੈੱਲਾਂ ਤੇ ਖੂਹੀਆਂ ਬਾਰੇ ਸਰਵੇਖਣ ਦੇ ਹੁਕਮ

ਬੋਰਵੈੱਲ ਜਾਂ ਟਿਊਬਵੈੱਲ ਲਗਾਉਣ ਤੋਂ 15 ਦਿਨ ਪਹਿਲਾਂ ਦੇਣੀ ਪਵੇਗੀ ਲਿਖਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਸਰਕਾਰ ਵੱਲੋਂ ਖੁੱਲ੍ਹੇ ਬੋਰਵੈੱਲਾਂ ਨੂੰ ਢਕਣ ਦੀਆਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਮਾਲ, ਮੁੜ ਵਸੇਬਾ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਨੇ ਰਾਜ ਭਰ ਵਿੱਚ ਖੂਹੀਆਂ ਅਤੇ ਬੋਰਵੈੱਲਾਂ ਬਾਰੇ ਸਰਵੇਖਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਦੇ ਤਹਿਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਹਦੂਦ ਅੰਦਰ ਖੁੱਲ੍ਹੇ ਬੋਰਵੈੱਲਾਂ ਤੇ ਖੂਹੀਆਂ ਬਾਰੇ ਸਰਵੇਖਣ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸ੍ਰੀ ਦਿਆਲਨ ਨੇ ਦੱਸਿਆ ਕਿ ਹੁਣ ਜ਼ਮੀਨ ਜਾਂ ਕਿਸੇ ਜਗ੍ਹਾ ਦੇ ਮਾਲਕ ਨੂੰ ਬੋਰਵੈੱਲ ਜਾਂ ਟਿਊਬਵੈੱਲ ਲਗਾਉਣ ਤੋਂ 15 ਦਿਨ ਪਹਿਲਾਂ ਆਪਣੇ ਇਲਾਕੇ ਦੇ ਸਬੰਧਤ ਅਧਿਕਾਰੀਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ/ਗ੍ਰਾਮ ਪੰਚਾਇਤ ਦੇ ਸਰਪੰਚ/ਕੋਈ ਹੋਰ ਕਾਨੂੰਨੀ ਅਥਾਰਟੀ/ਭੂ ਜਲ ਵਿਭਾਗ/ਜਨ ਸਿਹਤ ਵਿਭਾਗ/ਨਗਰ ਨਿਗਮਾਂ ਦੇ ਸਬੰਧਤ ਅਧਿਕਾਰੀ ਸ਼ਾਮਲ ਹਨ, ਨੂੰ ਲਿਖਤੀ ਜਾਣਕਾਰੀ ਜ਼ਰੂਰ ਦੇਣੀ ਪਵੇਗੀ। ਇਸ ਤੋਂ ਇਲਾਵਾ ਬੋਰ ਕਰਨ ਵਾਲੀਆਂ ਏਜੰਸੀਆਂ ਭਾਵੇਂ ਉਹ ਸਰਕਾਰੀ ਹੋਣ, ਅਰਧ ਸਰਕਾਰੀ ਹੋਣ ਅਤੇ ਪ੍ਰਾਈਵੇਟ ਹੋਣ, ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਡੀਸੀ ਨੇ ਕਿਹਾ ਕਿ ਬੋਰ ਕਰਨ ਵਾਲੀ ਥਾਂ ਉਤੇ ਕੰਮ ਦੌਰਾਨ ਬੋਰ ਕਰ ਰਹੀ ਏਜੰਸੀ ਅਤੇ ਜ਼ਮੀਨ ਮਾਲਕ ਦੇ ਪਤੇ ਵਾਲਾ ਬੋਰਡ ਲਾਇਆ ਜਾਣਾ ਜ਼ਰੂਰੀ ਹੈ। ਬੋਰ ਕਰਨ ਦੌਰਾਨ ਕੰਮ ਵਾਲੀ ਥਾਂ ਉੱਤੇ ਕੰਡਿਆਲੀ ਤਾਰ ਲਾਈ ਜਾਵੇ। ਇਸ ਤੋਂ ਇਲਾਵਾ ਬੋਰਵੈੱਲ ਵਾਲੀ ਥਾਂ ਉੱਤੇ ਨਿਰਧਾਰਿਤ ਮਾਪਦੰਡਾਂ ਮੁਤਾਬਕ ਸੀਮਿੰਟ ਦਾ ਥੜ੍ਹਾ ਬਣਾਇਆ ਜਾਵੇ। ਬੋਰ ਵਿੱਚ ਪਾਏ ਜਾਣ ਵਾਲੇ ਪਾਈਪ ਦੇ ਸਿਰੇ ਉੱਤੇ ਸਟੀਲ ਪਲੇਟ ਦੀ ਵੈਲਡਿੰਗ ਕੀਤੀ ਹੋਵੇ ਜਾਂ ਉਸ ਉੱਤੇ ਕਵਰ ਚੜ੍ਹਾਇਆ ਹੋਵੇ। ਉਨ੍ਹਾਂ ਕਿਹਾ ਕਿ ਮੋਟਰ ਦੀ ਮੁਰੰਮਤ ਦੀ ਸੂਰਤ ਵਿੱਚ ਬੋਰਵੈੱਲ ਨੂੰ ਨੰਗਾ ਨਾ ਛੱਡਿਆ ਜਾਵੇ। ਕੰਮ ਪੂਰਾ ਹੋਣ ਮਗਰੋਂ ਬੋਰਵੈੱਲ ਨੇੜੇ ਪਾਣੀ ਇਕੱਤਰ ਕਰਨ ਲਈ ਬਣਾਇਆ ਖੱਡਾ ਪੂਰਿਆ ਜਾਵੇ।
ਸ੍ਰੀ ਦਿਆਲਨ ਨੇ ਕਿਹਾ ਕਿ ਬੰਦ ਪਏ ਬੋਰਵੈੱਲਾਂ ਨੂੰ ਰੇਤ, ਪੱਥਰਾਂ ਜਾਂ ਮਿੱਟੀ ਨਾਲ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਖੂਹੀਆਂ ਤੇ ਬੋਰਵੈੱਲਾਂ ਦੀ ਮੋਨੀਟਰਿੰਗ ਲਈ ਖੇਤੀਬਾੜੀ ਵਿਭਾਗ ਪੇਂਡੂ ਖੇਤਰ ਲਈ ਨੋਡਲ ਏਜੰਸੀ ਹੋਵੇਗਾ, ਜਦੋਂ ਕਿ ਸ਼ਹਿਰੀ ਖੇਤਰਾਂ ਲਈ ਭੂ ਜਲ/ਜਨ ਸਿਹਤ/ਨਗਰ ਨਿਗਮ ਜਾਂ ਨਗਰ ਕੌਂਸਲ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਬੋਰਵੈੱਲ ਬੰਦ ਕਰਨਾ ਹੈ ਤਾਂ ਸਬੰਧਤ ਮਾਲਕ ਨੂੰ ਇਸ ਨੂੰ ਪੂਰਨ ਤੋਂ ਬਾਅਦ ਸਰਟੀਫਿਕੇਟ ਲਾਜ਼ਮੀ ਲੈਣਾ ਪਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …