ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਡੀਸੀ ਗਿਰੀਸ਼ ਦਿਆਲਨ ਵੱਲੋਂ ਟਾਂਗਰੀ ਨਦੀ ਦਾ ਦੌਰਾ

ਕਿਨਾਰਿਆਂ ਨੂੰ ਤੁਰੰਤ ਮਜ਼ਬੂਤ ਕਰਨ ਅਤੇ ਜੰਗਲੀ ਝਾੜੀਆਂ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 24 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨੇਜ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਟਾਂਗਰੀ ਨਦੀ ਉੱਤੇ ਹੰਡੇਸਰਾ ਨੇੜੇ ਭਾਂਖਰਪੁਰ, ਟਿਵਾਣਾ, ਝਰਮੜੀ ਅਤੇ ਨਗਲਾ ਵਿਖੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਡੀਸੀ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੀਰਕਪੁਰ ਵਿਖੇ ਸੁਖਨਾ ਚੋਅ ਦੀ ਸਫਾਈ ਲਈ ਸਮੇਂ ਸਿਰ ਕਾਰਵਾਈ ਆਰੰਭੀ ਜਾਵੇ ਅਤੇ ਜੰਗਲੀ ਝਾੜੀਆਂ ਜਿਵੇਂ ਬੂਟੀ, ਭੰਗ, ਜਾਲਾ ਅਤੇ ਸਰਕੰਡਾ ਦੀ ਸਫਾਈ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ ਤਾਂ ਜੋ ਆਸ ਪਾਸ ਦੇ ਇਲਾਕਿਆਂ ਅਤੇ ਆਬਾਦੀ ਨੂੰ ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਬਚਾਇਆ ਜਾ ਸਕੇ। ਉਨ੍ਹਾਂ ਨੇ ਟਿਵਾਣਾ ਬੰਨ੍ਹ ਵਿਖੇ ਸਟੱਡ ਲਗਾਉਣ ਦੇ ਨਾਲ ਨਾਲ ਠੋਸ ਜੋੜਾਂ ਦੀ ਉਸਾਰੀ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਟਿਵਾਣਾ ਬੰਨ੍ਹ ਨੂੰ ਮਜਬੂਤੀ ਪ੍ਰਦਾਨ ਕੀਤੀ ਜਾ ਸਕੇ। ਇਸ ਦੇ ਨਾਲ-ਨਾਲ ਉਹਨਾਂ ਮਨਰੇਗਾ ਤਹਿਤ ਝਰਮੜੀ ਡਰੇਨ ਦੀ ਹੱਦਬੰਦੀ ਅਤੇ ਮੁੜ ਖੁਦਾਈ ਦੇ ਨਿਰਦੇਸ਼ ਵੀ ਦਿੱਤੇ ਕਿਉਂਜੋ ਇਹ ਮਹਿਸੂਸ ਕੀਤਾ ਗਿਆ ਕਿ ਨੇੜਲੇ ਖੇਤਰਾਂ ਦੇ ਲੋਕਾਂ ਨੇ ਝਰਮੜੀ ਡਰੇਨ ਖੇਤਰ ਉੱਤੇ ਨਾਜਾਇਜ਼ ਕਬਜੇ ਕੀਤੇ ਹੋਏ ਹਨ।
ਮੌਨਸੂਨ ਦੌਰਾਨ ਪਿੰਡ ਨਗਲਾ ਵਿੱਚ ਪਾਣੀ ਦੇ ਵਹਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਬੰਨ੍ਹ ਵਿੱਚ ਪਾਈਪਾਂ ਪਾ ਕੇ ਰਲੀਫ ਕੱਟ/ਇੰਲੈਟਸ ਦੀ ਉਸਾਰੀ ਦੇ ਆਦੇਸ਼ ਦਿੱਤੇ ਤਾਂ ਜੋ ਵਧੇਰੇ ਪਾਣੀ ਦਾ ਵਹਾਅ ਤਾਂਗਰੀ ਨਦੀ ਵਿੱਚ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਰਾਮਪੁਰ ਕਲਾਂ ਵਿਖੇ ਘੱਗਰ ਦੇ ਪਾਣੀ ਨੂੰ ਓਵਰਫਲੋਜ਼ ਹੋਣ ਤੋਂ ਰੋਕਣ ਲਈ ਰਾਮਪੁਰਾ ਕਲਾਂ ਵਿਖੇ ਉਸੇ ਤਰ੍ਹਾਂ ਦੇ ਇੰਲੈਟਸ/ਰਿਲੀਫ ਕੱਟ ਦਾ ਨਿਰਮਾਣ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਕਮਜ਼ੋਰ ਥਾਵਾਂ ‘ਤੇ ਸਖਤ ਨਜ਼ਰ ਰੱਖਣ ਦੀ ਹਦਾਇਤ ਵੀ ਕੀਤੀ।
ਇਹਨਾਂ ਥਾਵਾਂ ਦੀ ਜਾਂਚ ਤੋਂ ਪਤਾ ਚੱਲਿਆ ਕਿ ਝਰਮੜੀ ਵਿੱਚ ਓਮੈਕਸ ਕੰਪਲੈਕਸ ਦੀ ਉਸਾਰੀ ਕਾਰਨ ਖੜ੍ਹੇ ਪਾਣੀ ਦੀ ਸਮੱਸਿਆ ਪੇਸ਼ ਆ ਰਹੀ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਹੁਕਮ ਦਿੱਤਾ ਕਿ ਓਮੈਕਸ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਤਾਂ ਜੋ ਢੁੱਕਵੀਂਆਂ ਪਾਈਪਾਂ ਪਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਹਨਾਂ ਡਰੇਨੇਜ਼ ਵਿਭਾਗ ਅਤੇ ਮਿਊਂਸਪਲ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਨੂੰ ਉਹਨਾਂ ਕਮਰਸ਼ੀਅਲ ਕੰਪਲੈਕਸਾਂ ਅਤੇ ਕਾਲੌਨੀਆਂ ਦੀ ਪਛਾਣ ਕਰਨ ਦੇ ਆਦੇਸ਼ ਵੀ ਦਿੱਤੇ ਜਿਹਨਾਂ ਦੀ ਉਸਾਰੀ ਕਰਕੇ ਬਰਸਾਤੀ ਪਾਣੀ ਦੇ ਵਹਾਅ ਵਿੱਚ ਵਿਘਨ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …