
ਡੀਸੀ ਨੇ ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ
ਪਟਵਾਰੀ ਕਾਨੂੰਗੋ ਦਫ਼ਤਰੀ ਕੰਮ ਵਾਲੇ ਦਿਨ ਸਵੇਰੇ 9 ਤੋਂ 11 ਵਜੇ ਤੱਕ ਦਫ਼ਤਰਾਂ ’ਚ ਰਹਿਣਗੇ ਹਾਜ਼ਰ
ਸਮੂਹ ਪਟਵਾਰੀਆਂ ਨੂੰ ਹਫ਼ਤੇ ਵਿੱਚ ਇੱਕ ਦਿਨ ਆਪਣੇ ਪਟਵਾਰ ਸਰਕਲਾਂ ਦਾ ਦੌਰਾ ਕਰਨ ਦੀ ਹਦਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਮਾਲ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਬਕਾਇਆ ਕੇਸਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਗਿਆ ਕਿ ਪਟਵਾਰੀਆਂ ਤੇ ਕਾਨੂੰਗੋਆਂ ਵੱਲੋਂ ਆਪਣੀ ਸੀਟ ਤੇ ਬੈਠਣ ਦਾ ਕੋਈ ਸਮਾਂ ਨਿਸ਼ਚਿਤ ਨਾ ਹੋਣ ਕਾਰਨ ਪਬਲਿਕ ਨੂੰ ਆਪਣੇ ਕੰਮ ਸਬੰਧੀ ਮਿਲਣ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਮੀਟਿੰਗ ਦੌਰਾਨ ਲੋਕ ਹਿੱਤ ਤੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੁਹਾਲੀ ਦੇ ਸਮੂਹ ਪਟਵਾਰੀ ਕਾਨੂੰਗੋਆਂ ਨੂੰ ਹਦਾਇਤ ਕੀਤੀ ਹੈ ਕਿ ਦਫ਼ਤਰੀ ਕੰਮ ਵਾਲੇ ਦਿਨ ਸਾਰੇ ਪਟਵਾਰੀ/ਕਾਨੂੰਗੋ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ-ਆਪਣੇ ਦਫ਼ਤਰ ਵਿੱਚ ਹਾਜ਼ਰ ਰਹਿਣਗੇ ਅਤੇ ਪਬਲਿਕ ਡੀਲਿੰਗ ਸਬੰਧੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਟਵਾਰੀ ਸਵੇਰੇ 11 ਵਜੇ ਤੋਂ ਬਾਅਦ ਫੀਲਡ ਵਿੱਚ ਜਾਂਦਾ ਹੈ ਤਾਂ ਉਹ ਮੂਵਮੈਂਟ ਰਜਿਸਟਰ ਵਿੱਚ ਦਰਜ ਕਰਕੇ ਜਾਵੇਗਾ ਕਿ ਉਹ ਕਿਸ ਮੰਤਵ ਲਈ ਕਿੱਥੇ ਜਾ ਰਿਹਾ ਹੈ ਅਤੇ ਨਾਲ ਹੀ ਟੈਲੀਫੋਨ ਨੰਬਰ, ਜਿਸ ਤੇ ਉਹ ਉਪਲਬਧ ਹੋਵੇਗਾ, ਰਜਿਸਟਰ ਵਿੱਚ ਦਰਜ ਕਰਕੇ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਹਦਾਇਤ ਕੀਤੀ ਗਈ ਕਿ ਸਮੂਹ ਪਟਵਾਰੀ ਹਫ਼ਤੇ ਵਿੱਚ ਇੱਕ ਦਿਨ ਆਪਣੇ-ਆਪਣੇ ਪਟਵਾਰ ਸਰਕਲਾਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਆਪਣਾ ਨਾਮ ਅਤੇ ਮੋਬਾਈਲ ਨੰਬਰ ਲਿਖ ਕੇ ਚਿਪਕਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।
ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਮਾਲ ਵਿਭਾਗ ਦੇ ਕੰਮਾਂ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ ਅਤੇ ਸਾਰੇ ਕੰਮ ਮਿੱਥੇ ਸਮੇਂ ਵਿਚ ਹੋਣੇ ਚਾਹੀਦੇ ਹਨ। ਇਹ ਨਿਰਦੇਸ਼ ਵੀ ਦਿੱਤੇ ਗਏ ਕਿ ਨਿਸ਼ਾਨਦੇਹੀਆਂ, ਤਕਸੀਮ ਖ਼ਾਨਗੀ, ਫ਼ੌਜਦਾਰੀ ਕੇਸਾਂ, ਝਗੜੇ ਰਹਿਤ ਇੰਤਕਾਲਾਂ, ਝਗੜੇ ਵਾਲੇ ਇੰਤਕਾਲਾਂ, ਖ਼ਾਨਗੀ ਤਬਾਦਲੇ ਆਦਿ ਕੇਸਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਟਵਾਰੀਆਂ ਦੇ ਰਿਕਾਰਡ ਦੀ ਵੀ ਸਮੇਂ-ਸਮੇਂ ’ਤੇ ਚੈਕਿੰਗ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਹੋਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਸੁਵਿਧਾਵਾਂ ਪ੍ਰਾਪਤ ਕਰਵਾਈਆਂ ਜਾਣ ਤਾਂ ਜੋ ਲੋਕਾਂ ਦੇ ਕੰਮ ਜਲਦੀ ਅਤੇ ਆਸਾਨੀ ਨਾਲ ਹੋ ਸਕਣ। ਇਸ ਤੋਂ ਇਲਾਵਾ ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮੂਹ ਅਧਿਕਾਰੀ ਮਿੱਥੇ ਗਏ ਟੀਚੇ ਅਨੁਸਾਰ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਮੀਟਿੰਗ ਵਿੱਚ ਏਡੀਸੀ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਮਾਲ ਅਫ਼ਸਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।