
ਡੀਸੀ ਨੇ ਜ਼ਿਲ੍ਹਾ ਪੱਧਰੀ ਫੂਡ ਸੇਫਟੀ ਸਲਾਹਕਾਰ ਕਮੇਟੀ ਦੀ ਪਲੇਠੀ ਮੀਟਿੰਗ ਕੀਤੀ
ਖਾਣ-ਪੀਣ ਦੀਆਂ ਵਸਤੂਆ ਦਾ ਮਿਆਰ ਤੇ ਪੋਸ਼ਟਿਕਤਾ ਵੱਲ ਵੱਧ ਧਿਆਨ ਦੇਣ ਦੀ ਲੋੜ: ਅਮਿਤ ਤਲਵਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਜ਼ਿਲ੍ਹਾ ਪੱਧਰੀ ਫੂਡ ਸੇਫਟੀ ਸਲਾਹਕਾਰ ਕਮੇਟੀ ਦੀ ਪਲੇਠੀ ਮੀਟਿੰਗ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਿਸ ਵਿੱਚ ਖਾਧ ਪਦਾਰਥ ਤਿਆਰ ਕਰਨ ਤੋਂ ਲੈ ਕੇ ਵੇਚਣ ਤੱਕ ਦੀ ਪ੍ਰਕਿਰਿਆ ਵਿੱਚ ਨਿੱਜੀ ਸਫ਼ਾਈ, ਅਦਾਰੇ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਦੀ ਸਫ਼ਾਈ ਅਤੇ ਖਾਧ ਪਦਾਰਥਾਂ ਦੇ ਮਿਆਰ ਅਤੇ ਗੁਣਵੱਤਾ ਨੂੰ ਕਾਇਮ ਰੱਖਣ ਲਈ ਜਾਗਰੂਕ ਕਰਨ ਬਾਰੇ ਚਰਚਾ ਕੀਤੀ ਗਈ।
ਡੀਸੀ ਅਮਿਤ ਤਲਵਾੜ ਨੇ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾ ਦਾ ਮਿਆਰੀ ਹੋਣਾ ਜਨਤਕ ਸਿਹਤ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਕੁਆਲਟੀ, ਪੋਸ਼ਟਿਕਤਾ ਵੱਲ ਵੱਧ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਲਾਹਕਾਰ ਕਮੇਟੀ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸਾਡਾ ਉਦੇਸ਼ ਭੋਜਨ ਕਾਰਨ ਪੈਦਾ ਹੋਣ ਵਾਲੇ ਜ਼ੋਖ਼ਮ ਨੂੰ ਰੋਕਣ, ਖੋਜਣ ਅਤੇ ਯੋਗ ਪ੍ਰਬੰਧ ਕਰਨ ਲਈ ਕਾਰਵਾਈ ਨੂੰ ਪ੍ਰੇਰਿਤ ਕਰਨਾ ਹੈ। ਅਜਿਹਾ ਕਰਕੇ ‘‘ਅਸੀਂ ਭੋਜਨ ਸੁਰੱਖਿਆ, ਮਨੁੱਖੀ ਸਿਹਤ, ਆਰਥਿਕ ਖੁਸ਼ਹਾਲੀ, ਮਾਰਕੀਟ ਤੱਕ ਪਹੁੰਚ ਅਤੇ ਸਥਿਰ ਵਿਕਾਸ ਵੱਲ ਯੋਗਦਾਨ ਪਾ ਸਕਦੇ ਹਾਂ।’’ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਉੱਚ-ਕੁਆਲਟੀ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲਬਧ ਕਰਵਾਉਣ ਦੇ ਮੰਤਵ ਨਾਲ ਫੂਡ ਸੇਫਟੀ ਐਕਟ ਦੀ ਹਦਾਇਤਾਂ ਅਨੁਸਾਰ ਫਰਮਾਂ ਦੀ ਚੈਕਿੰਗ ਯਕੀਨੀ ਬਣਾਉਣ ਅਤੇ ਸੈਂਪਲ ਲਏ ਜਾਣ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਕਾਰਵਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਵੱਖ-ਵੱਖ ਵਪਾਰਿਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਕੁਆਲਟੀ, ਸਾਫ-ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖਾਣ ਪੀਣ ਦੇ ਵਪਾਰੀਆ ਨੂੰ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਦੇ ਨਿਯਮਾਂ ਤੋਂ ਪੂਰੀ ਤਰ੍ਹਾ ਜਾਣੂ ਕਰਵਾਇਆ ਜਾਵੇ ਅਤੇ ਖਾਧ ਪਦਾਰਥ ਤਿਆਰ ਕਰਨ ਤੋਂ ਲੈ ਕੇ ਵੇਚਣ ਤੱਕ ਦੀ ਪ੍ਰਕਿਰਿਆ ਵਿੱਚ ਨਿੱਜੀ ਸਫ਼ਾਈ, ਅਦਾਰੇ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਦੀ ਸਫ਼ਾਈ ਅਤੇ ਖਾਧ ਪਦਾਰਥਾਂ ਦੇ ਮਿਆਰ ਅਤੇ ਗੁਣਵੱਤਾ ਨੂੰ ਕਾਇਮ ਰੱਖਣ ਲਈ ਜਾਗਰੂਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਟੀਮ ਨੂੰ ਹਦਾਇਤ ਕੀਤੀ ਕਿ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਸ਼ੁੱਧ ਅਤੇ ਸਾਫ਼-ਸੁਥਰੀਆਂ ਮਿਠਾਈਆਂ ਮੁਹੱਈਆ ਕਰਾਉਣ ਲਈ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇ। ਚੈਕਿੰਗ ਦੌਰਾਨ ਸਾਫ਼-ਸੁਥਰੇ ਢੰਗ ਨਾਲ ਮਿਠਾਈਆਂ ਬਣਾਉਣ, ਫੂਡ ਸੇਫਟੀ ਅਥਾਰਟੀ ਵੱਲੋਂ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਕਰਨ ਅਤੇ ਮਿਠਾਈਆਂ ਉੱਤੇ ਬੈਸਟ ਬਿਫੋਰ ਤਰੀਕ ਲਿਖਣ ਸਬੰਧੀ ਦੁਕਾਨਦਾਰਾਂ ਨੂੰ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਏਡੀਸੀ (ਜ) ਅਮਨਿੰਦਰ ਕੌਰ ਬਰਾੜ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਐਫਐਸਓ ਰਵੀਨੰਦਨ ਗੋਇਲ, ਐਫ਼ਐਸਓ ਅਨਿਲ ਕੁਮਾਰ, ਡਾ. ਰੇਣੂ, ਐਫ਼ਐਸਓ ਲਵਪ੍ਰੀਤ ਸਿੰਘ ਵੀ ਹਾਜ਼ਰ ਸਨ।