
ਡੀਸੀ ਵੱਲੋਂ ਸ਼ੈਮਰਾਕ ਸਕੂਲ ਵਿੱਚ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਇੱਥੋਂ ਦੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵੱਲੋਂ ਨੌਜਵਾਨਾਂ ਵਿੱਚ ਵਿਗਿਆਨਕ ਸੁਭਾਅ ਦੀ ਰੁਚੀ ਪੈਦਾ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਲਈ ਅਟਲ ਟਿੰਕਰਿੰਗ ਲੈਬ ਸਥਾਪਿਤ ਕੀਤੀ ਗਈ। ਜਿਸ ਦਾ ਉਦਘਾਟਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕੀਤਾ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਅਟਲ ਇਨੋਵੇਸ਼ਨ ਮਿਸ਼ਨ ਨੇ ਇੱਕ ਨਵੇਂ ਪ੍ਰੋਗਰਾਮ ਅਧੀਨ ਭਵਿੱਖ ਦੇ 10 ਲੱਖ ਬਾਲ ਖੋਜਕਾਰਾਂ ਨੂੰ ਤਿਆਰ ਕਰਨ ਦੇ ਦ੍ਰਿਸ਼ਟੀਕੋਣ ਨਾਲ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਾਰਟਰੀ ਦੀ ਸਥਾਪਨਾ ਕੀਤੀ ਗਈ ਹੈ।
ਇਹ ਲੈਬ ‘ਡੂ-ਇਟ-ਯੋਰਸੇਲਫ ਕਿੱਟਾਂ’ ਅਤੇ ਆਈਡੀਆ ਸਟੂਡੀਓ ਦੇ ਨਾਲ ਵਿਗਿਆਨ ਨਾਲ ਸਬੰਧਤ ਸਾਰੇ ਯੰਤਰਾਂ ਨਾਲ ਲੈਸ ਹੈ। ਨਾਲ ਹੀ ਇਸ ਪ੍ਰਯੋਗਸ਼ਾਲਾ ਨੂੰ ਗਲੋਬਲ ਲੈਵਲ ਦੇ ਨਾਲ ਸਮਕਾਲੀ ਹੋਣ ਲਈ ਡਿਜ਼ਾਈਨ ਮਾਈਂਡ ਸੈੱਟ, ਕੰਪਿਊਟੇਸ਼ਨਲ ਸੋਚ, ਅਡੈਪਟਿਵ ਲਰਨਿੰਗ ਵਰਗੇ ਹੁਨਰ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਡੀਸੀ ਆਸ਼ਿਕਾ ਜੈਨ ਨੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਟਿੰਕਰਿੰਗ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਲੈਬਾਰਟਰੀ ਸਕੂਲ ਵਿੱਚ ਵਿਗਿਆਨਕ ਨਵੀਨਤਾ ਨੂੰ ਹੁਲਾਰਾ ਦੇਵੇਗੀ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਬਣਾਏ ਮਾਡਲਾਂ ਦਾ ਨਿਰੀਖਣ ਕੀਤਾ ਅਤੇ ਸਕੂਲੀ ਬੱਚਿਆਂ ਨਾਲ ਸਿੱਧੀ ਗੱਲਬਾਤ ਕੀਤੀ।
ਸਕੂਲ ਦੇ ਚੇਅਰਮੈਨ ਏਐੱਸ ਬਾਜਵਾ ਨੇ ਕਿਹਾ ਕਿ ਅਟਲ ਇਨੋਵੇਸ਼ਨ ਮਿਸ਼ਨ ਲਈ ਸ਼ੈਮਰਾਕ ਸਕੂਲ ਦੀ ਚੋਣ ਕਰਨਾ ਵੱਡੇ ਮਾਣ ਵਾਲੀ ਗੱਲ ਹੈ। ਇਹ ਲੈਬ ਵਿਦਿਆਰਥੀਆਂ ਵਿੱਚ ਵਿਗਿਆਨਕ ਖੋਜਾਂ ਪ੍ਰਤੀ ਰੁਝਾਨ ਵਿੱਚ ਵਾਧਾ, ਨਵੀਨਤਾ, ਰਚਨਾਤਮਿਕਤਾ ਦੀ ਸੋਚ ਪੈਦਾ ਕਰਨ ਲਈ ਭਾਰਤ ਸਰਕਾਰ ਦੀ ਇੱਕ ਪਹੁੰਚ ਹੈ। ਜੋ ਵਿਗਿਆਨਿਕ ਕ੍ਰਾਂਤੀ ਵੱਲ ਭਾਰਤ ਸਰਕਾਰ ਦਾ ਵੱਡਾ ਕਦਮ ਹੈ। ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜ਼ਰੂਰੀ ਹੁਨਰ ਸਿਖਾਏਗੀ ਜੋ ਉਨ੍ਹਾਂ ਦੇ ਪੇਸ਼ੇਵਾਰ ਅਤੇ ਨਿੱਜੀ ਹੁਨਰ ਨੂੰ ਵਿਕਸਤ ਕਰਨ ਵਿੱਚ ਮਦਦ ਕਰੇਗੀ।
ਸਕੂਲ ਦੇ ਐਮਡੀ ਕਰਨ ਬਾਜਵਾ ਨੇ ਕਿਹਾ ਕਿ ਹੁਨਰਮੰਦ ਭਾਰਤ ਅੱਜ ਸਮੇਂ ਦੀ ਵੱਡੀ ਲੋੜ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਚੁੱਕੇ ਗਏ ਹਰ ਕਦਮ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਸਾਨੂੰ ਇੱਕ ਬਿਹਤਰ ਭਾਰਤ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।