ਡੀਸੀ ਵੱਲੋਂ ਪਲਾਸਟਿਕ ਦੀਆਂ ਵਸਤਾਂ ਦੀ ਵਰਤੋਂ ਦੀ ਰੋਕਥਾਮ ਲਈ ਲੋਕ ਲਹਿਰ ਬਣਾਉਣ ’ਤੇ ਜ਼ੋਰ

ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਰੋਕਣ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ

ਪਲਾਸਟਿਕ ਪਦਾਰਥਾਂ ਦੀ ਵਰਤੋਂ ਮਨੁੱਖ ਦੇ ਨਾਲ-ਨਾਲ ਬਨਸਪਤੀ ਤੇ ਜੰਗਲੀ ਜੀਵਨ ਲਈ ਵੀ ਖ਼ਤਰਾ

ਪੌਲੀਥੀਨ ਦੇ ਲਿਫ਼ਾਫ਼ਿਆਂ ਦੀ ਥਾਂ ’ਤੇ ਜੂਟ ਜਾਂ ਕੱਪੜੇ ਤੋਂ ਬਣੇ ਥੈਲਿਆਂ ਦੀ ਵਰਤੋਂ ਕਰਨ ਲੋਕ: ਅਮਿਤ ਤਲਵਾੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਣਾਉਣ ਲਈ ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਅੱਜ ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਨਅਤਕਾਰ, ਐਨਜੀਓਜ਼, ਸਿਆਸੀ ਆਗੂ, ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ ਗਈ। ਮੁਹਾਲੀ ਏਅਰਪੋਰਟ ਨੇੜੇ ਕਿਸਾਨ ਵਿਕਾਸ ਚੈਂਬਰ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਹਾਜ਼ਰ ਵਿਅਕਤੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਸਹੁੰ ਚੁਕਾਈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿੱਚ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਅਤੇ ਸਰਕਾਰੀ ਨੇਮਾਂ ਦੀ ਇੰਨ-ਬਿੰਨ ਪਾਲਣਾ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਸਰਕਾਰ ਨੇ 1 ਜੁਲਾਈ ਤੋਂ ਸੂਬੇ ਭਰ ਵਿੱਚ 19 ਕਿਸਮ ਦੀਆਂ ਪਲਾਸਟਿਕ ਵਸਤਾਂ ਦੇ ਉਤਪਾਦਨ, ਸਟਾਕ ਕਰਨ ਅਤੇ ਵਿਕਰੀ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭਾਵੇਂ ਕਾਨੂੰਨ ਮੁਤਾਬਕ ‘‘ਸਿੰਗਲ ਯੂਜ਼ ਪਲਾਸਟਿਕ’’ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਜਾ ਰਹੇ ਅਤੇ ਜੁਰਮਾਨਾ ਵਸੂਲਿਆ ਜਾ ਰਿਹਾ ਹੈ ਪਰ ਇਹ ਮਿਸ਼ਨ ਉਸ ਸਮੇਂ ਹੀ ਸਾਰਥਿਕ ਹੋ ਸਕੇਗਾ ਜਦੋਂ ਲੋਕ ਆਪਣੇ ਸਮਾਜਿਕ ਫਰਜ਼ ਨੂੰ ਪਛਾਣਦੇ ਹੋਏ ਸਰਕਾਰ ਦਾ ਸਾਥ ਦੇਣ।
ਡੀਸੀ ਨੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਪੌਲੀਥੀਨ ਦੇ ਥੈਲਿਆਂ ਦੀ ਥਾਂ ਘਰ ਤੋਂ ਕੱਪੜੇ ਦਾ ਥੈਲਾ ਲੈ ਕੇ ਮਾਰਕੀਟ ’ਚੋਂ ਸਮਾਨ ਖ਼ਰੀਦਣ ਜਾਂਦੇ ਸਨ ਪਰ ਹੁਣ ਭਾਵੇਂ ਸਰਕਾਰ ਵੱਲੋਂ ਪਲਾਸਟਿਕ ਦੀਆਂ ਵਸਤਾਂ ’ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਚੋਰੀ ਛਿਪੇ ਦੁਕਾਨਦਾਰ ਪਲਾਸਟਿਕ ਦਾ ਸਮਾਨ ਅਤੇ ਹੋਰ ਵਸਤੂਆਂ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 19 ਪਲਾਸਟਿਕ ਵਸਤਾਂ ’ਤੇ ਪਾਬੰਦੀ ਲਗਾਈ ਗਈ ਹੈ, ਉਹ ਗਲਣਸ਼ੀਲ ਨਹੀਂ ਹਨ ਅਤੇ ਮਨੁੱਖੀ ਜੀਵਨ, ਬਨਸਪਤੀ ਅਤੇ ਜੰਗਲੀ ਜੀਵਨ ਲਈ ਵੀ ਖ਼ਤਰਾ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਵੱਖ-ਵੱਖ ਥਾਵਾਂ ’ਤੇ ਸਬਜ਼ੀ ਮੰਡੀ, ਮਾਲ ਅਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰ ਰਹੀਆਂ ਹਨ। ਨਿਯਮਾਂ ਦੀ ਉਲੰਘਣਾ ਕਰਨ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਨੇ ਵਾਤਾਵਰਨ ਦੀ ਰੱਖਿਆ ਲਈ ਗੀਤ ਪੇਸ਼ ਕੀਤਾ ਜਦੋਂਕਿ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ‘ਸਾਰੇ ਜਹਾਂ ਸੇ ਅੱਛਾ’ ਗੀਤ ਗਾਇਆ। ਅੰਤ ਵਿੱਚ ਰਾਸ਼ਟਰੀ ਗਾਣ ਰਾਹੀਂ ਸਮਾਗਮ ਦੀ ਸਮਾਪਤੀ ਹੋਈ। ਪ੍ਰਦੂਸ਼ਣ ਕੰਟਰੋਲ ਬੋਰਡ ਮੁਹਾਲੀ ਦੇ ਐਕਸੀਅਨ ਗੁਰਸ਼ਰਨ ਦਾਸ ਗਰਗ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਅਤੇ ਹੋਰਨਾਂ ਅਧਿਕਾਰੀਆਂ ਨੇ ਪੌਦੇ ਲਗਾਏ। ਸਮਾਗਮ ਵਿੱਚ ਕਮਿਸ਼ਨਰ ਨਵਜੋਤ ਕੌਰ, ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ, ਏਡੀਸੀ (ਸ਼ਹਿਰੀ ਵਿਕਾਸ) ਸ੍ਰੀਮਤੀ ਪੂਜਾ ਐਸ ਗਰੇਵਾਲ, ਏਡੀਸੀ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐਸਡੀਐਮ ਸਰਬਜੀਤ ਕੌਰ ਸਮੇਤ ਹੋਰ ਅਧਿਕਾਰੀ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …