
ਡੀਸੀ ਨੇ ਫੇਜ਼-5 ਵਿੱਚ ਸਥਾਪਿਤ ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਦਾ ਲਿਆ ਜਾਇਜ਼ਾ
ਜ਼ਿਲ੍ਹਾ ਪ੍ਰਸ਼ਾਸਨ, ਨਾਗਰਿਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਅਮਿਤ ਤਲਵਾੜ
ਪੰਜਾਬ ਭਰ ਵਿੱਚ 15 ਅਗਸਤ ਤੋਂ ਕੀਤੀ ਜਾ ਰਹੀ ਹੈ ਆਮ ਆਦਮੀ ਕਲੀਨਿਕਾਂ ਦੀ ਰਸਮੀ ਸ਼ੁਰੂਆਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਇੱਥੋਂ ਦੇ ਸੇਵਾ ਕੇਂਦਰ ਫੇਜ਼-5 ਵਿੱਚ ਸਥਾਪਿਤ ਕੀਤੇ ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਦਾ ਦੌਰਾ ਕਰਕੇ ਅਗਾਊਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ 15 ਅਗਸਤ ਤੋਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸ੍ਰੀ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਸਬੰਧੀ ਉਲੀਕੇ ਪ੍ਰੋਗਰਾਮ ਤਹਿਤ ਸਮੁੱਚੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ। ਸੇਵਾ ਕੇਂਦਰਾਂ ਵਿੱਚ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਲੈਣ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਗਰਿਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਤਤਪਰ ਹੈ। ਸਰਕਾਰ ਦਾ ਇਹ ਨਵਾਂ ਅਤੇ ਮਹੱਤਵਪੂਰਨ ਉਪਰਾਲਾ ਹੈ, ਜਿਸ ਦੇ ਤਹਿਤ ਆਮ ਲੋਕਾਂ ਨੂੰ ਆਸਾਨੀ ਨਾਲ ਇਲਾਜ ਸਬੰਧੀ ਸਿਹਤ ਸੁਵਿਧਾਵਾਂ ਮਿਲ ਸਕਣਗੀਆਂ।

ਡੀਸੀ ਨੇ ਦੱਸਿਆ ਇੱਥੇ ਮਰੀਜ਼ਾਂ ਦੀ ਜਾਂਚ ਤੋਂ ਇਲਾਵਾ ਲੈਬ ਟੈਸਟਿੰਗ ਅਤੇ ਦਵਾਈਆਂ ਦਾ ਵੀ ਪ੍ਰਬੰਧ ਹੋਵੇਗਾ। ਇਸ ਨਾਲ ਜਿੱਥੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ, ਉੱਥੇ ਵਧੀਆ ਇਲਾਜ ਹੋਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਏਗਾ। ਇਸ ਮੌਕੇ ਏਡੀਸੀ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸਡੀਐਮ ਸ੍ਰੀਮਤੀ ਸਰਬਜੀਤ ਕੌਰ, ਸਿਵਲ ਸਰਜਨ ਡਾ. ਅਦਰਸ਼ਪਾਲ ਕੌਰ, ਲੋਕ ਨਿਰਮਾਣ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।