ਡੀਸੀ ਵੱਲੋਂ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ ਅਧੀਨ ਆਉਂਦੇ ਖੇਤਰਾਂ ਦੀ ਸੁਰੱਖਿਆ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
ਡੀ-ਲਿਸਟ ਕੀਤੇ ਖੇਤਰ ਵਿੱਚ ਕਿਸੇ ਵੀ ਵਪਾਰਕ ਗਤੀਵਿਧੀਆਂ ਦੀ ਇਜਾਜ਼ਤ ਨਾ ਦਿੱਤੀ ਜਾਵੇ
ਮੀਟਿੰਗ ਵਿੱਚ ਜ਼ਮੀਨੀ ਪੱਧਰ ’ਤੇ ਪਾਬੰਦੀਆਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ
ਨਬਜ਼-ਏ-ਪੰਜਾਬ, ਮੁਹਾਲੀ, 31 ਦਸੰਬਰ:
ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ ਤਹਿਤ ਪਾਬੰਦੀਆਂ ਨੂੰ ਸਖ਼ਤੀ ਨਾਲ ਬਰਕਰਾਰ ਰੱਖਣ ਲਈ ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਤੁਰੰਤ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇ। ਸਥਾਨਕ ਸਰਕਾਰ ਅਧਿਕਾਰੀਆਂ, ਟਾਊਨ ਪਲਾਨਿੰਗ ਅਧਿਕਾਰੀਆਂ, ਸਿਵਲ, ਮਾਲ ਅਤੇ ਜੰਗਲਾਤ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਸੈਕਸ਼ਨ 4 ਅਨੁਸਾਰ ਪੀਐਲਪੀਏ ਅਧੀਨ ਆਉਂਦੇ ਖੇਤਰ ਨੂੰ ਜੰਗਲਾਤ ਵਿਭਾਗ ਦੇ ਹੁਕਮਾਂ ਅਨੁਸਾਰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਡੀ-ਲਿਸਟਡ ਖੇਤਰ ਪੀਐਲਪੀਏ ਅਧੀਨ ਖੇਤਰ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ, ਇਸ ਲਈ ਲੋੜੀਂਦੀਆਂ ਪ੍ਰਵਾਨਗੀਆਂ ਨਾਲ ਨਜਿੱਠਣਾ ਸਥਾਨਕ ਸਰਕਾਰ ਅਤੇ ਟਾਊਨ ਪਲਾਨਿੰਗ ਵਿਭਾਗਾਂ ਦੀ ਸਾਂਝੀ ਜ਼ਿੰਮੇਵਾਰੀ ਹੋਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਡੀ-ਲਿਸਟਡ ਕੀਤੇ ਖੇਤਰਾਂ ਵਿੱਚ ਕੋਈ ਵਪਾਰਕ ਗਤੀਵਿਧੀ ਨਹੀਂ ਹੋਣੀ ਚਾਹੀਦੀ।
ਡੀਸੀ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਮਾਜਰੀ ਅਤੇ ਨਵਾਂ ਗਰਾਓਂ ਵਿੱਚ ਜੋ ਹਾਟ ਸਪਾਟ ਏਰੀਏ ਦੀ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ ਅਤੇ ਕੋਈ ਉਲੰਘਣਾ ਨਾ ਹੋਣ ਦਿੱਤੀ ਜਾਵੇ। ਕਿਸੇ ਵੀ ਉਲੰਘਣਾ ਦੇ ਮਾਮਲੇ ਵਿੱਚ, ਸਬੰਧਤ ਅਥਾਰਟੀ, ਭਾਵੇਂ ਉਹ ਸਥਾਨਕ ਸੰਸਥਾ ਜਾਂ ਟਾਊਨ ਪਲਾਨਿੰਗ ਹੋਵੇ, ਕਾਨੂੰਨ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ। ਸਾਰੇ ਵਿਭਾਗਾਂ ਦੇ ਸੰਗਠਿਤ ਤਾਲਮੇਲ ਵਾਲੇ ਯਤਨਾਂ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਨਿਯਮਤ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਡੀ-ਲਿਸਟਡ ਖੇਤਰਾਂ ਵਿੱਚ ਕੋਈ ਵੀ ਗਤੀਵਿਧੀ ਪੀਐਲਪੀਏ ਨਿਯਮਾਂ ‘ਤੇ ਨਕਾਰਾਤਮਕ ਪ੍ਰਭਾਵ ਨਾ ਪਾਵੇ।
ਉਨ੍ਹਾਂ ਕਿਹਾ ਕਿ ਵੱਧ ਰਹੇ ਸ਼ਹਿਰੀਕਰਨ ਦੇ ਮੱਦੇਨਜ਼ਰ, ਪੀਐਲਪੀਏ ਖੇਤਰ ਨੂੰ ਉਸਾਰੀ ਗਤੀਵਿਧੀਆਂ ਤੋਂ ਬਚਾਉਣਾ ਸਥਾਨਕ ਸਰਕਾਰ ਅਤੇ ਟਾਊਨ ਪਲਾਨਿੰਗ ਵਿਭਾਗਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨਾਇਬ ਤਹਿਸੀਲਦਾਰ ਮਾਜਰੀ, ਰੇਂਜ ਅਫ਼ਸਰ ਜੰਗਲਾਤ ਅਤੇ ਸਬੰਧਤ ਐਸਐਚਓ ਤੇ ਮਿਰਜ਼ਾਪੁਰ ਲਈ ਗਠਿਤ ਕਮੇਟੀ ਨੂੰ ਕਿਹਾ ਗਿਆ ਕਿ ਜੇਕਰ ਪੜਤਾਲ ਦੌਰਾਨ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਨਾਲ-ਨਾਲ ਉਸਾਰੀ ਦੇ ਕੰਮਾਂ ਨੂੰ ਤੁਰੰਤ ਬੰਦ ਕੀਤਾ ਜਾਵੇ।
ਮੀਟਿੰਗ ਵਿੱਚ ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ, ਏਡੀਸੀ (ਜ) ਵਿਰਾਜ ਐਸ ਤਿੜਕੇ, ਐਸਡੀਐਮ ਖਰੜ ਗੁਰਮੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ, ਰਘਬੀਰ ਸਿੰਘ ਨਾਇਬ ਤਹਿਸੀਲਦਾਰ ਮਾਜਰੀ, ਗੁਰਮਿੰਦਰ ਸਿੰਘ ਬੀਡੀਪੀਓ ਮਾਜਰੀ ਅਤੇ ਰਵੀ ਜਿੰਦਲ ਕਾਰਜਸਾਧਕ ਅਫ਼ਸਰ ਨਵਾਂ ਗਰਾਓਂ ਹਾਜ਼ਰ ਸਨ।