
ਡੀਸੀ ਵੱਲੋਂ ਆਈਸੀਐਫ਼ ਡਰੈਗਨ ਬੋਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਮੁਲਾਕਾਤ
15 ਅਗਸਤ ਨੂੰ ਸੁਤੰਤਰਤਾ ਦਿਵਸ ’ਤੇ ਸਨਮਾਨਿਤ ਕਰਨ ਦਾ ਦਿਵਾਇਆ ਭਰੋਸਾ
ਨਬਜ਼-ਏ-ਪੰਜਾਬ, ਮੁਹਾਲੀ, 20 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਇੰਟਰਨੈਸ਼ਨਲ ਕੈਨੋ ਫੈਡਰੇਸ਼ਨ 2023 ਦੇ ਡਰੈਗਨ ਬੋਟ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਕੋਚ ਰਵਿੰਦਰ ਸਿੰਘ, ਅਨਮੋਲ, ਜਗਨਬੀਰ ਸਿੰਘ ਬਾਜਵਾ ਅਤੇ ਪਰਵੀਨ ਕੁਮਾਰ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀ ਉਪਲਬਧੀ ਲਈ ਸ਼ਲਾਘਾ ਕੀਤੀ ਗਈ।
ਚੀਨ ਦੇ ਯੀਚਾਂਗ ਵਿੱਚ 2023 ਆਈ.ਸੀ.ਐਫ.ਡਰੈਗਨ ਬੋਟ ਵਿਸ਼ਵ ਕੱਪ ਵਿਚ ਭਾਰਤੀ ਕਾਯਾਕਿੰਗ ਕੈਨਇੰਗ ਐਸੋਸੀਏਸ਼ਨ ਦੀ ਡਰੈਗਨ ਬੋਟ ਟੀਮ ਨੇ 2 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਮੁਕਾਬਲੇ ਵਿੱਚ 15 ਦੇਸ਼ਾਂ ਦੇ ਲਗਪਗ 300 ਖਿਡਾਰੀਆਂ ਨੇ ਭਾਗ ਲਿਆ। ਭਾਰਤੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬਿਹਤਰ ਰਿਹਾ। 21 ਤੋਂ 23 ਜੂਨ ਤੱਕ ਹੋਏ ਇਸ ਵਿਸ਼ਵ ਕੱਪ ਵਿੱਚ ਪੰਜਾਬ ਦੇ ਹੋਰਨਾਂ ਖਿਡਾਰੀਆਂ ਤੋਂ ਇਲਾਵਾ ਸ੍ਰੀ ਰਵਿੰਦਰ ਸਿੰਘ ਜੋ ਕਿ ਕੋਚ ਹੋਣ ਦੇ ਨਾਲ ਨਾਲ ਖਿਡਾਰੀ ਵੀ ਹੈ, ਨੇ 1 ਚਾਂਦੀ ਅਤੇ 1 ਕਾਂਸੀ ਦਾ, ਪਰਵੀਨ ਕੁਮਾਰ 1 ਚਾਂਦੀ ਅਤੇ 1 ਕਾਂਸੀ ਅਤੇ ਜਗਨਬੀਰ ਸਿੰਘ ਬਾਜਵਾ ਨੇ 1 ਕਾਂਸੀ ਅਤੇ ਅਨਮੋਲ ਨੇ 1 ਕਾਂਸੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਡੀਸੀ ਵੱਲੋਂ ਮੁਲਾਕਾਤ ਦੌਰਾਨ ਖਿਡਾਰੀਆਂ ਨੂੰ ਕਿਹਾ ਗਿਆ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਖਿਡਾਰੀਆਂ ਨੂੰ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਉਨ੍ਹਾਂ ਦੀ ਇਸ ਉਪਲਬਧੀ ਲਈ ਸਨਮਾਨਿਤ ਕਰਨ ਦਾ ਭਰੋਸਾ ਦਿਵਾਇਆ ਅਤੇ ਉਨ੍ਹਾਂ ਨੇ ਖਿਡਾਰੀਆਂ ਦੀ ਮੰਗ ਅਨੁਸਾਰ ਖੇਡ ਨਾਲ ਸਬੰਧਤ ਲੋੜੀਂਦੇ ਉਪਕਰਨ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ।