
ਡੀਸੀ ਮੁਹਾਲੀ ਵੱਲੋਂ ਪ੍ਰਮੋਟਰਾਂ/ਬਿਲਡਰਾਂ ਖ਼ਿਲਾਫ਼ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਮੇਟੀ ਦਾ ਗਠਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਮੁੱਢਲੀਆਂ ਸਹੂਲਤਾਂ ਦੀ ਵਿਵਸਥਾ ਨਾ ਕਰਨ ਲਈ ਪ੍ਰਮੋਟਰਾਂ/ਬਿਲਡਰਾਂ ਖ਼ਿਲਾਫ਼ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨਾਲ ਜ਼ਿਲ੍ਹੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਰਿਹਾਇਸ਼ੀ ਅਤੇ ਵਪਾਰਕ ਰੀਅਲ ਅਸਟੇਟ ਦੇ ਪ੍ਰੋਜੈਕਟ ਸਾਹਮਣੇ ਆਏ ਹਨ। ਸ੍ਰੀ ਦਿਆਲਨ ਨੇ ਕਿਹਾ, ‘‘ਜਿੱਥੇ ਉਨ੍ਹਾਂ ਨੇ ਜ਼ਿਲ੍ਹੇ ਵਿਚ ਯੋਜਨਾਬੱਧ ਵਿਕਾਸ ਅਤੇ ਰਿਹਾਇਸ਼ੀ ਸਮਰੱਥਾ ਨੂੰ ਵਧਾਇਆ ਹੈ, ਉੱਥੇ ਹੀ ਬਿਜਲੀ, ਪਾਣੀ ਦੀ ਸਪਲਾਈ ਆਦਿ ਬੁਨਿਆਦੀ ਸਹੂਲਤਾਂ ਦੀ ਵਿਵਸਥਾ ਨਾ ਕਰਨ ਸੰਬੰਧੀ ਪ੍ਰਮੋਟਰਾਂ/ਬਿਲਡਰਾਂ ਵਿਰੁੱਧ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ।‘‘ ਉਨ੍ਹਾਂ ਕਿਹਾ ਕਿ ਕੁਝ ਮਾਮਲਿਆਂ ਵਿੱਚ, ਇਨ੍ਹਾਂ ਸ਼ਿਕਾਇਤਾਂ ਨਾਲ ਸਬੰਧਤ ਪ੍ਰਦਰਸ਼ਨ ਸੰਭਾਵਿਤ ਤੌਰ ’ਤੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵਿੱਚ ਬਦਲ ਸਕਦੇ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਭਾਵਸ਼ਾਲੀ ਦਖ਼ਲ ਨਾਲ ਟਾਲਿਆ ਗਿਆ ਹੈ।
ਸ੍ਰੀ ਦਿਆਲਨ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੇ ਸਮੇਂ ਸਿਰ ਅਤੇ ਪ੍ਰਭਾਵੀ ਨਿਪਟਾਰੇ ਲਈ ਉੱਚ ਪੱਧਰੀ ਅੰਤਰ-ਵਿਭਾਗੀ ਤਾਲਮੇਲ ਦੀ ਜ਼ਰੂਰਤ ਹੈ ਜਿਸ ਵਿੱਚ ਬਿਜਲੀ, ਜਲ ਸਪਲਾਈ, ਸ਼ਹਿਰੀ ਵਿਕਾਸ ਅਤੇ ਕੁਝ ਮਾਮਲਿਆਂ ਵਿੱਚ ਪੁਲੀਸ ਵਿਭਾਗ ਸ਼ਾਮਲ ਹੈ। ਇਸ ਲਈ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਸਮਝਿਆ ਗਿਆ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਮੇਟੀ ਦਾ ਗਠਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਐਸਪੀ, ਵਧੀਕ ਮੁੱਖ ਪ੍ਰਸ਼ਾਸਕ, ਗਮਾਡਾ, ਮਿਊਂਸਪਲ ਕਮਿਸ਼ਨਰ/ਮਿਊਂਸਪਲ ਕਮੇਟੀ ਦੇ ਈ.ਓਜ਼ ਮੈਂਬਰਾਂ ਵਜੋਂ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਂਬਰ ਸਕੱਤਰ ਵਜੋਂ ਸ਼ਾਮਲ ਹਨ। ਕਮੇਟੀ ਹਰ ਬੁੱਧਵਾਰ ਨੂੰ ਦੁਪਹਿਰ 3:30 ਵਜੇ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਤੇ ਬਾਅਦ ਵਿਚ ਲੋੜ ਅਨੁਸਾਰ, ਚੇਅਰਪਰਸਨ ਵੱਲੋਂ ਦੱਸੇ ਅਨੁਸਾਰ ਮੀਟਿੰਗ ਕਰੇਗੀ।