nabaz-e-punjab.com

ਡੀਸੀ ਮੁਹਾਲੀ ਨੇ ਆਨਲਾਈਨ ਰਜਿਸਟਰੀਆਂ ਸਬੰਧੀ ਸਮਾਂ ਸਾਰਣੀ ਦੀ ਉਲੰਘਣਾ ਦਾ ਲਿਆ ਗੰਭੀਰ ਨੋਟਿਸ

ਸਮੂਹ ਸਬ ਰਜਿਸਟਰਾਰ ਅਫ਼ਸਰਾਂ ਤੇ ਸੰਯੁਕਤ ਸਬ ਰਜਿਸਟਰਾਰ ਅਫ਼ਸਰਾਂ ਨੂੰ ਰਜਿਸਟਰੀਆਂ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਦੇ ਹੁਕਮ

ਜ਼ਿਲ੍ਹਾ ਮੁਹਾਲੀ ਵਿੱਚ ਆਨਲਾਈਨ ਰਜਿਸਟਰੀਆਂ ਸਬੰਧੀ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: ਡੀਸੀ ਸਪਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਆਨਲਾਈਨ ਰਜਿਸਟਰੀਆਂ ਸਬੰਧੀ ਸਮਾਂ ਸਾਰਣੀ ਦੀ ਹੋ ਰਹੀ ਉਲੰਘਣਾ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਅਧੀਨ ਆਉਂਦੇ ਸਮੂਹ ਸਬ ਰਜਿਸਟਰਾਰ ਅਫ਼ਸਰਾਂ ਅਤੇ ਸੰਯੁਕਤ ਸਬ ਰਜਿਸਟਰਾਰ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਐਨਜੀਡੀਆਰਐਸ ਪ੍ਰਣਾਲੀ ਤਹਿਤ ਅਗਾਊਂ ਅਪੁਆਇੰਟਮੈਂਟਾਂ ਮੁਤਾਬਕ ਹੀ ਰਜਿਸਟਰੀਆਂ ਕਰਨਾ ਯਕੀਨੀ ਬਣਾਉਣ। ਉਨ੍ਹਾਂ ਸਾਫ਼ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਅਤੇ ਲੋਕਾਂ ਦੀ ਖੱਜਲ ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀਮਤੀ ਸਪਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਪ੍ਰਾਜੈਕਟ ਲੋਕਾਂ ਦੀ ਸਹੂਲਤ ਅਤੇ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਦੇ ਮਾਮਲੇ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਇਸ ਸਬੰਧੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੰਮ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਇਸ ਸਬੰਧੀ ਉਨ੍ਹਾਂ ਦੇ ਦਫ਼ਤਰ ਵਿੱਚ ਲੋਕਾਂ ਦੀਆਂ ਵੀ ਸ਼ਿਕਾਇਤਾਂ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟਰੀਆਂ ਦਾ ਸਾਰਾ ਵੇਰਵਾ ਵਧੀਕ ਮੁੱਖ ਸਕੱਤਰ ਮਾਲ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਵੀ ਦਰਜ ਹੁੰਦਾ ਹੈ। ਇਸ ਲਈ ਆਨਲਾਈਨ ਰਜਿਸਟਰੀਆਂ ਦੇ ਕੰਮ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਂਜ ਡੀਸੀ ਨੇ ਕਿਹਾ ਕਿ ਕੇਵਲ ਸਿਹਤ ਸਬੰਧੀ ਕਾਰਨਾਂ ਕਰਕੇ ਪੁਆਇੰਟਮੈਂਟਾਂ ਤੋਂ ਬਾਹਰ ਜਾ ਕੇ ਰਜਿਸਟਰੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਉਸ ਲਈ ਐਸਆਰਓ/ਜੇਐਸਆਰਓ ਵੱਲੋਂ ਈ-ਮੇਲ ਉੱਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੁਆਇੰਟਮੈਂਟ ਲੈਣ ਦੇ ਬਾਵਜੂਦ ਸਬੰਧਤ ਧਿਰਾਂ ਰਜਿਸਟਰੀ ਕਰਵਾਉਣ ਲਈ ਹਾਜ਼ਰ ਨਹੀਂ ਹੁੰਦੀਆਂ ਤਾਂ ਨਵੀਂ ਪੁਆਇੰਟਮੈਂਟ ਲਈ ਦਸਤਾਵੇਜ਼ ਵਾਪਸ ਲਾਗ ਇੰਨ ’ਤੇ ਚਲੇ ਜਾਣਗੇ। ਜਿੱਥੋਂ ਪੁਆਇੰਟਮੈਂਟ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲ ਪੁਆਇੰਟਮੈਂਟ ਦੀ ਉਲੰਘਣਾ ਕਰਕੇ ਰਜਿਸਟਰੀ ਨਹੀਂ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਰਜਿਸਟਰੀ ਕਰਾਉਣ ਲਈ ਵਕੀਲ ਜਾਂ ਨੰਬਰਦਾਰ ਦੀ ਹੀ ਗਵਾਹੀ ਜ਼ਰੂਰੀ ਨਹੀਂ ਬਲਕਿ ਹੁਣ ਪਿੰਡ ਦੇ ਪੰਚ ਸਰਪੰਚ ਜਾਂ ਕਿਸੇ ਮੋਹਤਬਰ ਬੰਦੇ ਦੀ ਗਵਾਹੀ ਨਾਲ ਵੀ ਕੰਮ ਚਲਾਇਆ ਜਾ ਸਕਦੀ ਹੈ ਕਿਉਂਕਿ ਹੁਣ ਗਵਾਹੀ ਵਾਲੇ ਦਾ ਆਧਾਰ ਕਾਰਡ ਨਾਲ ਲੱਗਦਾ ਹੈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …