Share on Facebook Share on Twitter Share on Google+ Share on Pinterest Share on Linkedin ਡੇਂਗੂ ਦਾ ਡੰਕ: ਡੀਸੀ ਸ੍ਰੀਮਤੀ ਸਪਰਾ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਲਈ ਕਲਾਸ ਪਿੰਡਾਂ ਤੇ ਸ਼ਹਿਰੀ ਖੇਤਰ ਵਿੱਚ ਸਵੇਰੇ ਤੇ ਸ਼ਾਮ ਨੂੰ ਫੌਗਿੰਗ ਕਰਨਾ ਯਕੀਨੀ ਬਣਾਉਣ ’ਤੇ ਜ਼ੋਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ: ਜ਼ਿਲ੍ਹੇ ਵਿਚ ਬੁਖਾਰ ਅਤੇ ਡੇਂਗੂ ਦੇ ਕੇਸਾਂ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਿਹਤ ਵਿਭਾਗ ਅਤੇ ਸਮੂਹ ਕਾਰਜਸਾਧਕ ਅਫਸਰਾਂ ਅਤੇ ਬੀ.ਡੀ.ਪੀ.ਓਜ਼ ਨਾਲ ਸੱਦੀ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ 15 ਨਵੰਬਰ ਤੱਕ ਲਗਾਤਾਰ ਫੌਗਿੰਗ ਕਰਵਾਈ ਜਾਵੇ ਅਤੇ ਫੌਗਿੰਗ ਦੇ ਕੰਮ ਨੂੰ ਇੱਕ ਮੁਹਿੰਮ ਦੇ ਤੌਰ ’ਤੇ ਸ਼ੁਰੂ ਕੀਤਾ ਜਾਵੇ ਤਾਂ ਜੋ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬੁਖਾਰ ਅਤੇ ਡੇਂਗੂ ਆਦਿ ਤੋਂ ਲੋਕਾਂ ਦਾ ਬਚਾਅ ਹੋ ਸਕੇ। ਡਿਪਟੀ ਕਮਿਸ਼ਨਰ ਨੇ ਸ਼ਹਿਰਾਂ ਵਿਚ ਕੀਤੀ ਜਾ ਰਹੀ ਫੌਗਿੰਗ ਦੀ ਸਮੀਖਿਆ ਕਰਦਿਆਂ ਸਮੂਹ ਕਾਰਜਸਾਧਕ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਸ਼ਹਿਰ ਜਾਂ ਨਗਰ ਪੰਚਾਇਤ ਦੀ ਹਦੂਦ ਅੰਦਰ ਕੋਈ ਵੀ ਇਲਾਕਾ ਜਾਂ ਕਲੌਨੀ ਅਜਿਹੀ ਨਹੀਂ ਰਹਿਣੀ ਚਾਹੀਦੀ ਜਿੱਥੇ ਕਿ ਫੌਗਿੰਗ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਫੌਗਿੰਗ ਦਿਨ ਵਿੱਚ ਦੋ ਵਾਰ ਸਵੇਰੇ ਅਤੇ ਸ਼ਾਮ ਵੇਲੇ ਕੀਤੀ ਜਾਵੇ ਅਤੇ ਫੌਗਿੰਗ ਸਬੰਧੀ ਸਮਾਂ ਸਾਰਣੀ ਵੀ ਤਿਆਰ ਕੀਤੀ ਜਾਵੇ ਜਿਸ ਸਬੰਧੀ ਲੋਕਾਂ ਨੂੰ ਅਗਾਊ ਜਾਗਰੂਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੀ.ਡੀ.ਪੀ.ਓਜ਼ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਜਿਹੜੀਆਂ ਹੈਂਡੀ ਫੌਗਿੰਗ ਮਸ਼ੀਨਾਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਸਨ ਉਨ੍ਹਾਂ ਸਾਰੀਆਂ ਮਸ਼ੀਨਾਂ ਨੂੰ ਮੁੜ ਤੋਂ ਵਰਤੋਂ ਵਿਚ ਲਿਆਉਣ ਲਈ ਤੁਰੰਤ ਠੀਕ ਕਰਵਾਇਆ ਜਾਵੇ ਤਾਂ ਜੋ ਪਿੰਡ ਪੱਧਰ ਤੇ ਵੀ ਫੌਗਿੰਗ ਦਾ ਕੰਮ ਤਸੱਲੀ ਬਖਸ ਹੋ ਸਕੇ। ਸ੍ਰੀਮਤੀ ਸਪਰਾ ਨੇ ਇਸ ਮੌਕੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਤਨ ਨੂੰ ਢਕਣ ਵਾਲੇ ਕੱਪੜੇ ਪਹਿਨਣ ਤਾਂ ਜੋ ਉਹਨ੍ਹਾਂ ਨੂੰ ਮੱਛਰ ਨਾ ਕੱਟ ਸਕੇ। ਉਨ੍ਹਾਂ ਹੋਰ ਆਖਿਆ ਕਿ ਹਰ ਕਿਸਮ ਦੇ ਬੁਖਾਰ ਨੂੰ ਡੇਂਗੂ ਨਾ ਸਮਝਿਆ ਜਾਵੇ ਅਤੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਦਾ ਟੈਸਟ ਮੁਹਾਲੀ ਦੇ ਸਿਵਲ ਹਸਪਤਾਲ ਫੇਜ਼-6 ਸਥਿਤ ਜ਼ਿਲ੍ਹੇ ਦੀ ਇੱਕੋ ਲੈਬੋਰਾਟਰੀ ਵਿਖੇ ਆਪਣਾ ਟੈਸਟ ਜਰੂਰ ਕਰਾਉਣ। ਡੇਂਗੂ ਦਾ ਟੈਸਟ ਹੋਰਨਾਂ ਹਸਪਤਾਲਾਂ ਵਿਚ ਉਪਲੱਬਧ ਨਹੀਂ ਹੈ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਲਦੀ ਹੀ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਨਾਲ ਮੀਟਿੰਗ ਨਿਰਧਾਰਿਤ ਕੀਤੀ ਜਾਵੇਗੀ ਅਤੇ ਉਹਨ੍ਹਾਂ ਨੂੰ ਆਖਿਆ ਜਾਵੇਗਾ ਕਿ ਸ਼ੱਕੀ ਮਰੀਜ਼ਾਂ ਨੂੰ ਡੇਂਗੂ ਦੇ ਮਰੀਜ ਨਾ ਦੱਸਿਆ ਜਾਵੇ ਜਿਸ ਨਾਲ ਲੋਕਾਂ ਵਿਚ ਕਿਸੇ ਕਿਸਮ ਦਾ ਪੈਨਿਕ ਪੈਦਾ ਹੋਵੇ। ਮਰੀਜ਼ ਦੇ ਪੂਰੇ ਟੈਸਟ ਹੋਣ ਉਪਰੰਤ ਹੀ ਮਰੀਜ਼ ਨੂੰ ਡੇਂਗੂ ਦਾ ਮਰੀਜ਼ ਐਲਾਨਿਆ ਜਾਵੇ। ਉਨ੍ਹਾਂ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਮਰੀਜ਼ਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਤਾਂ ਜੋ ਉਨ੍ਹਾਂ ਦਾ ਡੇਂਗੂ ਤੋਂ ਬਚਾਅ ਹੋ ਸਕੇ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੁਖਾਰ ਅਤੇ ਡੇਂਗੂ ਤੋਂ ਬਚਣ ਲਈ ਆਪਣੇ ਘਰਾਂ, ਕੂਲਰਾਂ, ਫਰਿੱਜਾਂ, ਗਮਲਿਆਂ ਅਤੇ ਆਲੇ ਦੁਆਲੇ ਦੀ ਸਫਾਈ ਨੂੰ ਯਕੀਨੀ ਬਣਾਉਣ। ਇਸ ਮੌਕੇ ਸਿਵਲ ਸਰਜਨ ਡਾ: ਰੀਟਾ ਭਾਰਦਵਾਜ ਨੇ ਦੱਸਿਆ ਕਿ ਕੁਝ ਪ੍ਰਾਈਵੇਟ ਹਸਪਤਾਲਾਂ ਕੋਲ ਕੇਵਲ ਅਲੀਜਾ ਟੈਸਟ ਹੈ, ਪ੍ਰੰਤੂ ਅਲੀਜਾ ਟੈਸਟ ਉਪਰੰਤ ਵੀ ਸਿਵਲ ਹਸਪਤਾਲ ਫੇਜ਼-6 ਵਿਖੇ ਟੈਸਟ ਕਰਾਉਣਾ ਚਾਹੀਦਾ ਹੈ। ਜਿਸ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਸਾਫ ਪਾਣੀ ਵਿਚ ਪਲਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ ਇਸ ਕਰਕੇ ਲੋਕਾ ਨੂੰ ਘਰਾਂ ਵਿਚ ਪਏ ਪੁਰਾਣੇ ਬਰਤਨਾਂ, ਗਮਲਿਆਂ ਅਤੇ ਭਾਂਡਿਆਂ ਵਿਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਕੂਲਰਾਂ ਦੇ ਨਾਲ ਨਾਲ ਫਰਿੱਜਾਂ ਦੀਆਂ ਵਾਟਰ ਟਰੇਆਂ ਨੁੰ ਵੀ ਸਾਫ ਅਤੇ ਸੁੱਕਾ ਕੇ ਮੁੜ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਬੁਖਾਰ ਅਤੇ ਡੇਂਗੂ ਦੇ ਮਰੀਜਾਂ ਵਿਚ ਅੱਗੇ ਨਾਲੋਂ ਕਮੀ ਆਈ ਹੈ ਪ੍ਰੰਤੂ ਲੋਕਾਂ ਨੁੂੰ ਸਾਵਧਾਨੀਆਂ ਜਰੂਰ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਕੂਲਰਾਂ ਚੋੋ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਮਿੱਟੀ ਦੇ ਤੇਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਕੁਮਾਰ ਗਰਗ, ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਐਸ.ਡੀ.ਐਮ. ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲੀਕਾ ਅਰੋੜਾ, ਜ਼ਿਲ੍ਹਾ ਐਪਡੋਲੋਮਜਿਸਟ ਡਾ: ਅਵਤਾਰ ਸਿੰਘ ਸਮੇਤ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰ, ਸਮੂਹ ਕਾਰਜਸਾਧਕ ਅਫ਼ਸਰ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ