
ਡੀਸੀ ਦਫ਼ਤਰ ਦੇ ਮੁਲਾਜ਼ਮ 22 ਤੇ 23 ਸਤੰਬਰ ਨੂੰ ਮੁੜ ਕਰਨਗੇ ਦੋ ਰੋਜ਼ਾ ਕਲਮਛੋੜ ਹੜਤਾਲ
24 ਸਤੰਬਰ ਨੂੰ ਸਾਰੇ ਦਫ਼ਤਰੀ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਮੁਹਾਲੀ ਵਿੱਚ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਪੰਜਾਬ ਦੇ ਸਮੂਹ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਕਰਕੇ ਅਗਲੀ ਰਣਨੀਤੀ ਲਈ ਅੱਜ ਆਨਲਾਈਨ ਮੀਟਿੰਗ ਕੀਤੀ। ਮੁਲਾਜ਼ਮਾਂ ਨੇ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਐਲਾਨ ਕੀਤਾ ਕਿ 22 ਅਤੇ 23 ਸਤੰਬਰ ਨੂੰ ਦੋ ਰੋਜ਼ਾ ਕਲਮਛੋੜ ਹੜਤਾਲ ਕੀਤੀ ਜਾਵੇਗੀ ਅਤੇ ਮੁਲਾਜ਼ਮ ਵਿਰੋਧੀ ਸੋਚ ਵਾਲੇ ਅਧਿਕਾਰੀਆਂ ਦੇ ਪੁਤਲੇ ਸਾੜੇ ਜਾਣਗੇ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਚੇਅਰਮੈਨ ਓਮ ਪ੍ਰਕਾਸ਼, ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 24 ਸਤੰਬਰ ਨੂੰ ਸਾਰੇ ਦਫ਼ਤਰੀ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਮੁਹਾਲੀ ਵਿੱਚ ਸੂਬਾ ਪੱਧਰੀ ਰੈਲੀ ਕਰਨਗੇ ਅਤੇ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਆਉਣ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਬੀਤੀ 8 ਸਤੰਬਰ ਨੂੰ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੁੱਖ ਮੰਤਰੀ ਦਫ਼ਤਰ ਵਿੱਚ ਪੈਨਲ ਮੀਟਿੰਗ ਹੋਈ ਸੀ, ਜਿਸ ਵਿੱਚ ਵਿੱਤੀ ਕਮਿਸ਼ਨਰ (ਮਾਲ) ਰਵਨੀਤ ਕੌਰ, ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਮੋਹਿਤ ਕੁਮਾਰ, ਜਤਿੰਦਰ ਜ਼ੋਰਬਾ, ਦਿਲਰਾਜ ਸਿੰਘ ਸੰਧਾਵਾਲੀਆ ਅਤੇ ਮਨਵੇਸ਼ ਸਿੰਘ ਸਿੱਧੂ, ਕੇਸ਼ਵ ਹਿੰਗੋਨੀਆ ਅਤੇ ਡੀਸੀ ਮੁਹਾਲੀ ਗਿਰੀਸ਼ ਦਿਆਲਨ ਸਮੇਤ ਹੋਰ ਉੱਚ ਅਫ਼ਸਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਪੱਧਰ ’ਤੇ ਮੀਟਿੰਗ ਵਿੱਚ ਹੋਈ ਗੱਲਬਾਤ ਅਤੇ ਫੈਸਲਿਆਂ ਬਾਰੇ ਜਾਣਕਾਰੀ ਦੇਣ ਅਤੇ ਅਗਲੀ ਰਣਨੀਤੀ ਉਲੀਕਣ ਲਈ ਜ਼ਿਲ੍ਹਾ ਪ੍ਰਧਾਨਾਂ, ਜਨਰਲ ਸਕੱਤਰ ਅਤੇ ਸੂਬਾ ਲੀਡਰਸ਼ਿਪ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੈਨਲ ਮੀਟਿੰਗ ਦੀ ਕੋਈ ਪ੍ਰੋਸੀਡਿੰਗ ਨੋਟ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪ੍ਰਵਾਨਿਤ ਮੰਗਾਂ ’ਤੇ ਬਣੀਆਂ ਸਹਿਮਤੀਆਂ ਅਤੇ ਫੈਸਲਿਆਂ ਬਾਰੇ ਸਰਕਾਰ ਕੋਈ ਤੁਰੰਤ ਪ੍ਰਭਾਵ ਨਾਲ ਪ੍ਰਗਤੀ ਰਿਪੋਰਟ ਦੇਣ ਲਈ ਰਾਜ਼ੀ ਹੋਈ ਹੈ। ਜਿਸ ਕਾਰਨ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
(ਬਾਕਸ ਆਈਟਮ)
ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਹਰਮਹਿੰਦਰ ਪਾਲ ਸਿੰਘ ਬਰਾੜ ਨਾਲ ਮੀਟਿੰਗ ਕੀਤੀ। ਜਿਸ ਵਿੱਚ ਮੰਡੀ ਬੋਰਡ ਦੀਆਂ ਉਸਾਰੀ ਸ਼ਾਖਾਵਾਂ, ਮਾਰਕੀਟ ਕਮੇਟੀਆਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ, ਡੇਲੀਵੇਜਿਜ ਅਤੇ ਆਉਟਸੋਰਸ ਕਰਮਚਾਰੀਆਂ ਨੂੰ ਠੇਕੇਦਾਰਾਂ ਵੱਲੋਂ ਘੱਟੋ-ਘੱਟ ਉਜ਼ਰਤਾਂ ਨਾ ਦੇਣ, ਈਪੀਐਫ, ਈਐਸਆਈ, 8.33 ਬੌਨਸ, ਸ਼ਨਾਖ਼ਤੀ ਕਾਰਡ, ਵਰਦੀਆਂ ਨਾ ਦੇਣ ਸਮੇਤ ਹੋਰ ਭਖਦੇ ਮਸਲੇ ਵਿਚਾਰੇ ਗਏ। ਮੀਟਿੰਗ ਵਿੱਚ ਮੰਗ ਕੀਤੀ ਕਿ ਠੇਕਾਪ੍ਰਣਾਲੀ ਬੰਦ ਕਰਕੇ ਸਿੱਧੀ ਭਰਤੀ ਕੀਤੀ ਜਾਵੇ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਫੈਡਰੇਸ਼ਨ ਦੇ ਸਕੱਤਰ ਕਰਤਾਰ ਸਿੰਘ ਪਾਲ, ਮੋਗਾ ਦੇ ਪ੍ਰਧਾਨ ਚਮਨ ਲਾਲ ਸੰਘੇਲੀਆ, ਜਨਰਲ ਸਕੱਤਰ ਹਰੀ ਬਹਾਦਰ ਬਿੱਟੂ, ਮੰਡੀ ਬੋਰਡ ਸਬ ਕਮੇਟੀ ਦੇ ਸੂਬਾਈ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਵਿਯੇ ਕੁਮਾਰ, ਗੁਰਿੰਦਰ ਗੁਰੀ, ਅੰਮ੍ਰਿਤਪਾਲ ਸਿੰਘ, ਕ੍ਰਿਸ਼ਨ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ ਹਾਜ਼ਰ ਸਨ।