nabaz-e-punjab.com

ਡੀਸੀ ਦਫ਼ਤਰ ਦੇ ਕਾਮਿਆਂ ਵੱਲੋਂ 5 ਦਿਨਾਂ ਲਈ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਨੇ ਪੀਸੀਐਸ ਅਫ਼ਸਰ ਐਸੋਸੀਏਸ਼ਨ ਪੰਜਾਬ ਵੱਲੋਂ ਸਮੂਹਿਕ ਛੁੱਟੀ ’ਤੇ ਸ਼ੁਰੂ ਕੀਤੀ ਹੜਤਾਲ ਦਾ ਸਮਰਥਨ ਕਰਦਿਆਂ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ 5 ਦਿਨਾਂ ਲਈ ਸਮੂਹਿਕ ਛੁੱਟੀ ਲੈ ਕੇ ਸੰਘਰਸ ਵਿੱਢਣ ਦਾ ਅੇਲਾਨ ਕੀਤਾ। ਇਨ੍ਹਾਂ ਪੰਜ ਦਿਨਾਂ ਵਿੱਚ ਸਮੂਹ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੀ ਮੁਕੰਮਲ ਹੜਤਾਲ ’ਤੇ ਰਹਿਣਗੇ। ਇਹ ਜਾਣਕਾਰੀ ਅੱਜ ਇੱਥੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਨੇ ਦਿੱਤੀ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਿਜੀਲੈਂਸ ਅਦਾਰਾ ਆਪਣੇ ਅਧਿਕਾਰ-ਖੇਤਰ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਆਗੂ ਕੁਰੱਪਸ਼ਨ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਨ ਅਤੇ ਸਰਕਾਰ ਨੂੰ ਇਸ ਮੁੱਦੇ ’ਤੇ ਪੂਰਾ ਸਮਰਥਨ ਵੀ ਦੇ ਰਹੇ ਹਨ ਪ੍ਰੰਤੂ ਭ੍ਰਿਸ਼ਟਾਚਾਰ ਨੂੰ ਖ਼ਤਮ ਦੀ ਆੜ੍ਹ ਵਿੱਚ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਈਏਐਸ ਅਧਿਕਾਰੀ ਸ੍ਰੀਮਤੀ ਨੀਲਿਮਾ ਅਤੇ ਪੀਸੀਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਨਿਯਮਾਂ ਦੀ ਅਣਦੇਖੀ ਕਰਕੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੜਤਾਲ ਬਾਅਦ ਸੱਚ ਸਾਹਮਣੇ ਆ ਜਾਣਾ ਬਾਕੀ ਹੈ ਪ੍ਰੰਤੂ ਕਿਤੇ ਨਾ ਕਿਤੇ ਨਿਯਮਾਂ ਦੀ ਅਣਦੇਖੀ ਅਤੇ ਧੱਕੇਸ਼ਾਹੀ ਪ੍ਰਤੱਖ ਦਿਖਾਈ ਦੇ ਰਹੀ ਹੈ।
ਆਗੂਆਂ ਨੇ ਕਿਹਾ ਕਿ ਡੀਸੀ ਦਫ਼ਤਰ ਦੇ ਕਰਮਚਾਰੀ ਆਪਣੀਆਂ ਮੰਗਾਂ ਦੇ ਨਾਲ ਪੀਸੀਐਸ ਅਫ਼ਸਰ ਐਸੋਸੀਏਸ਼ਨ ਪੰਜਾਬ ਵੱਲੋਂ ਲਏ ਗਏ ਸਮੂਹਿਕ ਛੁੱਟੀ ’ਤੇ ਜਾਣ ਦੀ ਹੜਤਾਲ ਦਾ ਪੂਰਨ ਸਮਰਥਨ ਕਰਦਿਆਂ ਅਧਿਕਾਰੀਆਂ ਦੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਹਨ ਅਤੇ 13 ਜਨਵਰੀ ਤੱਕ ਸਮੂਹਿਕ ਛੁੱਟੀ ’ਤੇ ਰਹਿਣਗੇ। ਇਸ ਦੌਰਾਨ ਡੀਸੀ ਦਫ਼ਤਰ ਦੇ ਕਾਮਿਆਂ ਵੱਲੋਂ ਸਰਕਾਰ ਅਤੇ ਜਨਤਕ ਮਾਮਲੇ ਨਾਲ ਜੁੜੇ ਹਰ ਤਰ੍ਹਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀਸੀ ਦਫ਼ਤਰ ਸਟਾਫ਼ ਦੀਆਂ ਮੰਗਾਂ ਮਨਵਾਉਣ ਲਈ 16 ਤੋਂ 20 ਜਨਵਰੀ ਤੱਕ ਪੰਜਾਬ ਦੇ ਸਮੂਹ ਮੰਡਲ ਕਮਿਸ਼ਨਰ ਨੂੰ ਲੜੀਵਾਰ ਪਟਿਆਲਾ, ਰੂਪਨਗਰ, ਜਲੰਧਰ, ਫਰੀਦਕੋਟ ਅਤੇ ਫਿਰੋਜ਼ਪੁਰ ਨੂੰ ਸੂਬਾ ਬਾਡੀ ਵੱਲੋਂ ਸਬੰਧਤ ਮੰਡਲ ਦੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਅਤੇ ਸਾਥੀਆਂ ਨਾਲ ਮਿਲ ਕੇ ਯਾਦ ਪੱਤਰ ਦਿੱਤੇ ਜਾਣਗੇ। ਜੇਕਰ ਸਰਕਾਰ ਨੇ ਫਿਰ ਵੀ ਕੋਈ ਸਕਰਾਤਮਿਕ ਰੁੱਖ ਨਾ ਅਪਨਾਇਆ ਤਾਂ 30 ਅਤੇ 31 ਜਨਵਰੀ ਨੂੰ ਰੋਸ ਵਜੋਂ ਅੱਧੇ ਦਿਨ ਲਈ ਕੰਮ ਬੰਦ ਰੱਖ ਕੇ ਡੀਸੀ ਦਫ਼ਤਰ ਦੇ ਕਾਮੇ ਰੋਸ ਪ੍ਰਦਰਸ਼ਨ ਕਰਨਗੇ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…