nabaz-e-punjab.com

ਡੀਸੀ ਵੱਲੋਂ ਏਅਰ ਫੋਰਸ ਸਟੇਸ਼ਨ ਤੋਂ 1 ਹਜ਼ਾਰ ਮੀਟਰ ਦੇ ਘੇਰੇ ਵਿੱਚ ਮੀਟ ਦੀਆਂ ਦੁਕਾਨਾਂ ਖੋਲ੍ਹਣ ’ਤੇ ਪਾਬੰਦੀ ਦੇ ਹੁਕਮ

ਭਾਰਤ-ਪਾਕਿ ਤਣਾਅ ਕਾਰਨ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਵੀ ਵਧਾਈ ਚੌਕਸੀ, ਚੈਕਿੰਗ ਅਭਿਆਨ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲਂ੍ਹਾ ਮੈਜਿਸਟਰੇਟ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਦੇ ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਏਅਰ ਫੋਰਸ ਸਟੇਸ਼ਨ ਤੋਂ ਇੱਕ ਹਜ਼ਾਰ ਮੀਟਰ ਏਰੀਆ (ਜੋ ਕਿ ਜ਼ਿਲਂ੍ਹਾ ਮੁਹਾਲੀ ਦੀ ਹਦੂਦ ਅੰਦਰ ਆਉਂਦਾ ਹੈ) ਦੇ ਆਲੇ ਦੁਆਲੇ ਮੀਟ ਦੀਆਂ ਦੁਕਾਨਾਂ ਖੋਲ੍ਹਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 17 ਮਾਰਚ ਤੱਕ ਜ਼ਿਲ੍ਹਂਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਏਅਰਫੋਰਸ ਸਟੇਸ਼ਨ ਅਥਾਰਟੀ ਚੰਡੀਗੜ੍ਹਂ ਨੇ ਜ਼ਿਲ੍ਹਂਾ ਮੈਜਿਸਟਰੇਟ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਏਅਰਫੋਰਸ ਸਟੇਸ਼ਨ ਦੇ ਆਲੇ ਦੁਆਲੇ ਆਮ ਲੋਕਾਂ ਵੱਲੋਂ ਮੀਟ ਦੀਆਂ ਦੁਕਾਨਾਂ ਖੋਲਂ੍ਹੀਆਂ ਹੋਈਆਂ ਹਨ। ਇਨਂ੍ਹਾਂ ਦੁਕਾਨਾਂ ਕਰਕੇ ਏਅਰਫੋਰਸ ਦੇ ਏਰੀਆ ਵਿੱਚ ਮਾਸਾਹਾਰੀ ਪੰਛੀ ਆਕਾਸ਼ ਵਿੱਚ ਉੱਡਦੇ ਰਹਿੰਦੇ ਹਨ। ਜਿਸ ਕਾਰਨ ਕਿਸੇ ਵੀ ਸਮੇਂ ਪੰਛੀਆਂ ਦੇ ਹਵਾਈ ਜਹਾਜ਼ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰੇ ਦਾ ਕਾਰਨ ਬਣ ਸਕਦਾ ਹੈ ਅਤੇ ਫੌਜ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੀ ਵਿਘਨ ਪੈਂਦਾ ਹੈ। ਇਸ ਦੇ ਫਲਸਰੂਪ ਅਮਨ ਅਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਉਧਰ, ਭਾਰਤ-ਪਾਕਿਸਤਾਨ ਤਣਾਅ ਦੇ ਚੱਲਦਿਆਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਥਾਣਾ ਏਅਰਪੋਰਟ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਹਵਾਈ ਅੱਡੇ ਦੇ ਅੰਦਰ ਆਉਣ ਜਾਣ ਵਾਲੇ ਯਾਤਰੀਆਂ ਅਤੇ ਉਨ੍ਹਾਂ ਨੂੰ ਲੈਣ ਅਤੇ ਛੱਡਣ ਆਉਣ ਵਾਲੇ ਵਿਅਕਤੀਆਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮਾਨ ਦੀ ਢੋਅ ਢੁਆਈ ਵਾਲੇ ਵਾਹਨਾਂ ਦੀ ਵੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਪਹਿਲਾਂ ਹੀ ਹਵਾਈ ਅੱਡੇ ’ਤੇ ਵਧੇਰੇ ਸਖ਼ਤੀ ਵਰਤੀ ਜਾਂਦੀ ਹੈ ਅਤੇ ਸੁਰੱਖਿਆ ਦੇ ਇੰਤਜ਼ਾਮ ਹਨ ਪ੍ਰੰਤੂ ਪਿਛਲੇ ਦਿਨੀਂ ਭਾਰਤ-ਪਾਕਿਸਤਾਨ ਤਣਾਅ ਕਾਰਨ ਪੁਲੀਸ ਵੱਲੋਂ ਹਰੇਕ ਵਿਅਕਤੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਦੇ ਬਾਹਰ ਵੀ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਅਤੇ ਕਿਸੇ ਵੀ ਵਾਹਨ ਜਾਂ ਵਿਅਕਤੀ ਨੂੰ ਬਿਨਾਂ ਪੁੱਛਗਿੱਛ ਅਤੇ ਤਲਾਸ਼ੀ ਲਏ ਬਿਨਾਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਨਾਲ ਲੱਗਦੀਆਂ ਹੱਦਾਂ ਅਤੇ ਐਂਟਰੀ ਪੁਆਇੰਟਾਂ ’ਤੇ ਵੀ ਪੁਲੀਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ਾਮ ਢਲਦੇ ਹੀ ਅਜਿਹੀਆਂ ਥਾਵਾਂ ’ਤੇ ਨਾਕਾਬੰਦੀ ਕਰਕੇ ਰਾਤ ਭਰ ਪਹਿਰੇਦਾਰੀ ਕੀਤੀ ਜਾ ਰਹੀ ਹੈ ਅਤੇ ਪੁਲੀਸ ਗਸ਼ਤ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ।
(ਬਾਕਸ ਆਈਟਮ)
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੇ ਰਣ ਵੇਅ ਗੇਟ ਦੇ ਸਾਹਮਣੇ ਪਿੰਡ ਜਗਤਪੁਰ ਦੇ ਲਾਲ ਡੋਰੇ ਦੇ ਬਾਹਰ ਕੁਝ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ। ਏਅਰਪੋਰਟ ਦੀ ਕੰਧ ਤੋਂ ਕੁਝ ਹੀ ਦੂਰੀ ’ਤੇ ਮੀਟ ਦੀਆਂ ਦੁਕਾਨਾਂ ਵੀ ਬਣੀਆਂ ਹੋਈਆਂ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਗਮਾਡਾ ਨੇ ਹਵਾਈ ਅੱਡੇ ਦੀ ਕੰਧ ਨੇੜੇ ਸੈਂਕੜੇ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ ਸਨ ਪ੍ਰੰਤੂ ਮੌਜੂਦ ਸਮੇਂ ਵਿੱਚ ਵੀ ਰਸੂਖਵਾਨਾਂ ਨੇ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ ਅਤੇ ਜਗਤਪੁਰਾ ਸੜਕ ’ਤੇ ਮੀਟ ਦੀਆਂ ਦੁਕਾਨਾਂ ਖੁੱਲ੍ਹਣ ਕਾਰਨ ਪੰਛੀ ਆਕਾਸ਼ ਵਿੱਚ ਉ੍ਵਡਦੇ ਰਹਿੰਦੇ ਹਨ। ਜਿਸ ਕਾਰਨ ਹਵਾਈ ਹਾਦਸਾ ਵਾਪਰਨ ਦਾ ਖਦਸ਼ਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…