
ਡੀਸੀ ਵੱਲੋਂ ਚੱਪੜਚਿੜੀ ਜੰਗੀ ਯਾਦਗਾਰ ਦੇ ਸੁੰਦਰੀਕਰਨ ਲਈ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਜਾਰੀ
ਸਾਈਨ ਬੋਰਡ, ਸਟਰੀਟ ਲਾਈਟਾਂ ਤੇ ਸੜਕਾਂ ਦੀ ਮੁਰੰਮਤ ਦੇ ਕੰਮ ਜਲਦ ਮੁਕੰਮਲ ਕਰਨ ’ਤੇ ਜ਼ੋਰ
ਸਕੂਲੀ ਬੱਚਿਆਂ ਦੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦਿਖਾਉਣ ਲਈ ਟੂਰ ਪ੍ਰੋਗਰਾਮ ਉਲੀਕਣ ਦੇ ਆਦੇਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਸਥਿਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ (ਫਤਿਹ ਬੁਰਜ) ਦੇ ਬਾਹਰੀ ਅਤੇ ਅੰਦਰਲੀ ਦਿੱਖ ਦੇ ਸੁੰਦਰੀਕਰਨ ਅਤੇ ਹੋਰ ਸੁਧਾਰ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਸਿਰਜੋੜ ਕੇ ਬੈਠੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ ਸਮੇਤ ਜ਼ਿਲ੍ਹਾ ਪੁਲੀਸ, ਗਮਾਡਾ, ਸਿੱਖਿਆ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਡੀਸੀ ਅਮਿਤ ਤਲਵਾੜ ਨੇ ਦੱਸਿਆ ਕਿ ਚੱਪੜਚਿੜੀ ਜੰਗੀ ਯਾਦਗਾਰ ਜੋ ਕਿ ਫਤਿਹ ਬੁਰਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਮੁਹਾਲੀ ਜ਼ਿਲ੍ਹੇ ਦੀ ਵਿਲੱਖਣ ਪਛਾਣ ਅਤੇ ਦੇਸ਼ ਦੀ ਸਭ ਤੋਂ ਵੱਡੀ 328 ਫੁੱਟ ਉੱਚੀ ਇਮਾਰਤ ਹੈ। ਉਨ੍ਹਾਂ ਇਸ ਯਾਦਗਾਰ ਦੀ ਦੇਖਰੇਖ ਕਰ ਰਹੀ ਪ੍ਰਾਈਵੇਟ ਕੰਪਨੀ ਮੈਸ: ਫਤਿਹ ਹੈਰੀਟੇਜ਼ ਪ੍ਰਾਈਵੇਟ ਲਿਮਟਿਡ ਨੂੰ ਭਰੋਸਾ ਦਿੱਤਾ ਕਿ ਇਸ ਯਾਦਗਾਰ ਦੇ ਆਲੇ ਦੁਆਲੇ ਸਾਈਨ ਬੋਰਡ, ਸਟਰੀਟ ਲਾਈਟਾਂ ਅਤੇ ਸੜਕਾਂ ਦੀ ਮੁਰੰਮਤ ਆਦਿ ਕੰਮ ਗਮਾਡਾ ਰਾਹੀਂ ਜਲਦ ਮੁਕੰਮਲ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਵੱਲੋਂ ਯਾਦਗਾਰ ਤੱਕ ਪਹੁੰਚ ਲਿੰਕ ਸੜਕਾਂ ’ਤੇ ਆਵਾਜਾਈ ਨੂੰ ਸੌਖਾ ਬਣਾਉਣ ਲਈ ਨਿਰੰਤਰ ਪੈਟਰੋਲਿੰਗ ਕੀਤੀ ਜਾਵੇਗੀ। ਉਨ੍ਹਾਂ ਡੀਡੀਪੀਓ ਨੂੰ ਯਾਦਗਾਰ ਨੇੜੇ ਲਾਵਾਰਿਸ ਤੇ ਪਾਲਤੂ ਪਸ਼ੂਆਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਵੀ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਹਰ ਨਾਗਰਿਕ ਨੂੰ ਚੱਪੜਚਿੜੀ ਜੰਗੀ ਯਾਦਗਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਡੀਡੀਪੀਓ ਨੂੰ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੂੰ ਉਤਸ਼ਾਹਿਤ ਕਰ ਕੇ ਪਿੰਡਾਂ ਦੇ ਲੋਕਾਂ ਦੇ ਟੂਰ ਪ੍ਰੋਗਰਾਮ ਉਲੀਕਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਵੀ ਆਦੇਸ਼ ਦਿੱਤੇ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਜੰਗੀ ਯਾਦਗਾਰ ਤੋਂ ਜਾਣੂ ਕਰਵਾਉਣ ਲਈ ਸਕੂਲੀ ਬੱਚਿਆਂ ਦੇ ਟੂਰ ਪ੍ਰੋਗਰਾਮ ਉਲੀਕੇ ਜਾਣ। ਡੀਸੀ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਚੱਪੜਚਿੜੀ ਜੰਗੀ ਯਾਦਗਾਰ (ਫਤਿਹ ਬੁਰਜ) ’ਤੇ ਜ਼ਰੂਰ ਜਾਣ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੇ ਸਿੱਖ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਜਾਣਕਾਰੀ ਮਿਲ ਸਕੇ।
ਉਧਰ, ਦੂਜੇ ਪਾਸੇ ਪਿੰਡ ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਅਤੇ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਚੱਪੜਚਿੜੀ ਜੰਗੀ ਯਾਦਗਾਰ ਅਕਾਲੀ ਸਰਕਾਰ ਸਮੇਂ ਬਣਾਈ ਗਈ ਸੀ ਅਤੇ 30 ਨਵੰਬਰ 2011 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਇੱਥੇ 328 ਫੁੱਟ ਉੱਚੇ ਫਤਿਹ ਬੁਰਜ ਦਾ ਉਦਘਾਟਨ ਕੀਤਾ ਸੀ। ਲੇਕਿਨ ਹੁਣ ਤੱਕ ਫਤਿਹ ਬੁਰਜ ਨੂੰ ਲਿਫ਼ਟ ਨਹੀਂ ਜੁੜੀ। ਇੱਥੇ ਇਨਡੋਰ ਥੀਏਅਰ ਅਤੇ ਓਪਨ ਏਅਰ ਥੀਏਟਰ ਤਾਂ ਹੈ ਪਰ ਹੁਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੇ ਜੀਵਨ ਬਾਰੇ ਡਾਕੂਮੈਂਟਰੀ ਫ਼ਿਲਮ ਨਹੀਂ ਬਣਾਈ ਗਈ। ਉਨ੍ਹਾਂ ਮੰਗ ਕੀਤੀ ਕਿ ਫਤਿਹ ਬੁਰਜ ’ਤੇ ਜਾਣ ਲਈ ਲਿਫ਼ਟ ਦੀ ਵਿਵਸਥਾ ਕੀਤੀ ਜਾਵੇ ਅਤੇ ਡਾਕੂਮੈਂਟਰੀ ਫ਼ਿਲਮ ਬਣਾਈ ਜਾਵੇ ਤਾਂ ਜੋ ਯੁਵਾ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ।