Nabaz-e-punjab.com

ਡੀਸੀ ਦੇ ਹੁਕਮਾਂ ’ਤੇ ਖਿਜਰਾਬਾਦ ਦੀ ਵਿਵਾਦਿਤ ਜ਼ਮੀਨ ਦਾ ਕਬਜ਼ਾ ਪੰਚਾਇਤ ਨੂੰ ਦਿੱਤਾ

ਪਿੰਡ ਵਾਸੀ ਇਮਾਮਦੀਨ ਵੱਲੋਂ ਸਰਪੰਚ ’ਤੇ ਨਾਜਾਇਜ਼ ਕਬਜ਼ਾ ਦਾ ਦੋਸ਼, ਸਰਪੰਚ ਨੇ ਸਾਰੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਪਿੰਡ ਖਿਜਰਾਬਾਦ ਦੇ ਵਸਨੀਕ ਇਮਾਮਦੀਨ ਨੇ ਮੁਹਾਲੀ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਰਪੰਚ ਗੁਰਿੰਦਰ ਸਿੰਘ ਤੇ ਹੋਰਨਾਂ ਮੈਂਬਰਾਂ ’ਤੇ ਕਥਿਤ ਤੌਰ ’ਤੇ ਸ਼ਾਮਲਾਤ\ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਦੇ ਧਿਆਨ ਵਿੱਚ ਲਿਆਂਦਾ ਕਿ ਸਰਪੰਚ ਬਦਲਾਖ਼ੋਰੀ ਕਾਰਨ ਉਨ੍ਹਾਂ ਨੂੰ ਉਜਾੜਾ ਚਾਹੁੰਦੇ ਹਨ। ਜਦੋਂਕਿ ਉਹ (ਸਰਪੰਚ) ਅਤੇ ਬਾਕੀ ਕਈ ਮੈਂਬਰ ਖ਼ੁਦ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹਨ ਪ੍ਰੰਤੂ ਹੁਣ ਖਿਜਰਾਬਾਦ ਪੰਚਾਇਤ ਤੋਂ ਅਸਤੀਫ਼ਾ ਦੇਣ ਬਾਰੇ ਡਰਾਮੇਬਾਜ਼ੀ ਕਰ ਰਹੇ ਹਨ। ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਅੱਜ ਨਾਇਬ ਤਹਿਸੀਲਦਾਰ ਮਾਜਰੀ ਜਸਕਰਨ ਸਿੰਘ ਬਰਾੜ ਨੂੰ ਕਬਜ਼ਾ ਵਰੰਟ ਅਫ਼ਸਰ ਨਿਯੁਕਤੀ ਕਰਕੇ ਗਰਾਮ ਪੰਚਾਇਤ ਨੂੰ ਸਬੰਧਤ ਵਿਵਾਦਿਤ ਜ਼ਮੀਨ ਦਾ ਕਬਜ਼ਾ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ। ਗਰਾਮ ਪੰਚਾਇਤ ਨੇ ਡੀਸੀ ਮੁਹਾਲੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ ਹੈ।
ਉਧਰ, ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਸ਼ਿਕਾਇਤ ਦੇਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਇਮਾਮਦੀਨ ਨੇ ਦੱਸਿਆ ਕਿ ਪਿੰਡ ਖਿਜਰਾਬਾਦ ਵਿੱਚ ਕਰੀਬ 500 ਏਕੜ ਜ਼ਮੀਨ ਸ਼ਾਮਲਾਤ ਅਤੇ ਮੁਸ਼ੱਰਕਤਾ ਮਾਲਕਾਨਾ ਹੈ। ਕਰੀਬ 30 ਨਕਾਲ ਜ਼ਮੀਨ ’ਤੇ ਉਨ੍ਹਾਂ ਦਾ ਕਬਜ਼ਾ ਹੈ। ਜਿਸ ਵਿੱਚ ਉਨ੍ਹਾਂ ਦੀ ਕਣਕ ਅਤੇ ਸਰੋਂ ਦੀ ਫਸਲ ਖੜੀ ਹੈ। ਪਹਿਲਾਂ ਇਸ ਜ਼ਮੀਨ ’ਤੇ ਉਨ੍ਹਾਂ ਦੇ ਦਾਦਾ ਵਾਹੀ ਕਰਦੇ ਸਨ। ਸਾਲ 1998 ਵਿੱਚ ਦਾਦੇ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਦਿਲਦਾਰ ਅਲੀ ਨੇ ਇਸ ਜ਼ਮੀਨ ਵਿੱਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਮੀਨ ਦੀਆਂ ਗਿਦਾਵਰੀਆਂ ਵੀ ਉਨ੍ਹਾਂ ਦੇ ਨਾਮ ਹਨ ਪ੍ਰੰਤੂ ਹੁਣ ਸਰਪੰਚ ਉਨ੍ਹਾਂ ਨੂੰ ਇੱਥੋਂ ਉਜਾੜਨਾ ਚਾਹੁੰਦੇ ਹਨ। ਜਦੋਂਕਿ ਸਰਪੰਚ ਖ਼ੁਦ ਕਰੀਬ 25 ਏਕੜ ਜ਼ਮੀਨ ’ਤੇ ਨਾਜਾਇਜ਼ ਕਾਬਜ਼ਕਾਰ ਹਨ। ਇਸ ਤੋਂ ਪਹਿਲਾਂ ਕੁਝ ਜ਼ਮੀਨ ਸਰਪੰਚ ਦੇ ਪਿਤਾ ਵੇਚ ਵੀ ਚੁੱਕੇ ਹਨ। ਕਈ ਹੋਰ ਰਸੂਖਵਾਨ ਵੀ ਸਰਕਾਰੀ ਜ਼ਮੀਨ ਵਿੱਚ ਮੋਟਰਾਂ ਲਗਾ ਕੇ ਕਬਜ਼ਾ ਕਰੀ ਬੈਠੇ ਹਨ। ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਸਿਰਫ਼ ਉਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਇਨਸਾਫ਼ ਪ੍ਰਾਪਤੀ ਲਈ ਅਦਾਲਤ ਦਾ ਬੂਹਾ ਖੜਕਾਇਆ ਸੀ ਅਤੇ ਅਦਾਲਤ ਨੇ ਸਟੇਅ ਆਰਡਰ ਜਾਰੀ ਕਰਕੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ ਕੀਤੀ ਸੀ ਕਿ ਪਟੀਸ਼ਨਰ ਨੂੰ ਜ਼ਬਰਦਸਤੀ ਨਹੀਂ ਖਦੇੜਿਆਂ ਜਾ ਸਕਦਾ ਹੈ। ਲਿਹਾਜ਼ਾ ਇਸ ਸਬੰਧੀ ਕੋਈ ਵੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇ। ਇਹ ਮਾਮਲਾ ਹਾਲੇ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਮਾਜਰੀ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਸਮੁੱਚੀ ਕਾਰਵਾਈ ਸਰਕਾਰੀ ਨੇਮਾਂ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਦਫ਼ਤਰ ਦਫ਼ਤਰ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।
(ਬਾਕਸ ਆਈਟਮ)
ਉਧਰ, ਦੂਜੇ ਪਾਸੇ ਸਰਪੰਚ ਗੁਰਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੇ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਡੀਸੀ ਮੁਹਾਲੀ ਦੇ ਹੁਕਮਾਂ ’ਤੇ ਅੱਜ ਨਾਇਬ ਤਹਿਸੀਲਦਾਰ ਮਾਜਰੀ ਜਸਕਰਨ ਸਿੰਘ ਬਰਾੜ ਨੂੰ ਕਬਜ਼ਾ ਵਰੰਟ ਅਫ਼ਸਰ ਨਿਯੁਕਤੀ ਕਰਕੇ ਗਰਾਮ ਪੰਚਾਇਤ ਖਿਜਰਾਬਾਦ ਨੂੰ ਸਬੰਧਤ ਵਿਵਾਦਿਤ ਜ਼ਮੀਨ ਦਾ ਕਬਜ਼ਾ ਦਿਵਾਇਆ ਗਿਆ ਹੈ। ਸਰਪੰਚ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਇਮਾਮਦੀਨ ਦੇ ਦਾਦਾ ਅਤੇ ਉਨ੍ਹਾਂ ਦੇ ਪਿਤਾ ਉਕਤ ਜ਼ਮੀਨ ਨੂੰ ਠੇਕੇ ’ਤੇ ਲੈਂਦੇ ਸੀ ਪ੍ਰੰਤੂ ਬਾਅਦ ਵਿੱਚ ਉਨ੍ਹਾਂ ਨੇ ਗਲਤ ਤਰੀਕੇ ਨਾਲ ਸ਼ਾਮਲਾਤ ਦੇਹ ’ਤੇ ਕਬਜ਼ਾ ਕਰ ਲਿਆ। ਇਸ ਸਬੰਧੀ ਗਰਾਮ ਪੰਚਾਇਤ ਏਸੀਡੀ (ਵਿਕਾਸ), ਸੰਯੁਕਤ ਡਾਇਰੈਕਟਰ (ਪੰਚਾਇਤ) ਦੀ ਅਦਾਲਤ ’ਚੋਂ ਕੇਸ ਜਿੱਤ ਚੁੱਕੀ ਹੈ। ਇਨ੍ਹਾਂ ਫੈਸਲਿਆਂ ਨੂੰ ਇਮਾਮਦੀਨ ਨੇ ਹਾਈ ਕੋਰਟ ਵਿੱਚ ਵੀ ਚੁਨੌਤੀ ਦਿੱਤੀ ਸੀ ਲੇਕਿਨ ਸ਼ਿਕਾਇਤ ਕਰਤਾ ਉੱਥੇ ਹੀ ਕੇਸ ਹਾਰ ਗਿਆ ਸੀ। ਪੰਚਾਇਤ ਤੋਂ ਅਸਤੀਫ਼ਾ ਦੇਣ ਬਾਰੇ ਪੁੱਛੇ ਜਾਣ ’ਤੇ ਸਰਪੰਚ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜ਼ਮੀਨ ਦਾ ਛੇਤੀ ਕਬਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਜਿਸ ਕਾਰਨ ਸਮੁੱਚੀ ਪੰਚਾਇਤ ਨੇ ਅਸਤੀਫ਼ਾ ਦੇਣ ਦੀ ਕਾਰਵਾਈ ਰੋਕ ਲਈ ਸੀ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਨੇ ਆਪਣੇ ਵਾਅਦੇ ਮੁਤਾਬਕ ਪੰਚਾਇਤ ਨੂੰ ਜ਼ਮੀਨ ਦਾ ਕਬਜ਼ਾ ਦੁਆ ਦਿੱਤਾ ਹੈ। ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…