ਡੀਸੀ ਵੱਲੋਂ ਅਸਲਾ ਲਾਇਸੈਂਸ ਤੋਂ ਤੀਜਾ ਹਥਿਆਰ ਫੌਰੀ ਕੈਂਸਲ ਕਰਨ ਦੇ ਹੁਕਮ

ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਅਸਲਾ ਲਾਇਸੈਂਸ ਰੱਦ/ਮੁਅੱਤਲ ਕੀਤਾ ਜਾਵੇਗਾ: ਆਸ਼ਿਕਾ ਜੈਨ

ਐਨਓਸੀ ਲਈ ਤੁਰੰਤ ਸੇਵਾ ਕੇਂਦਰ ਵਿੱਚ ਅਪਲਾਈ ਕਰਨ ਅਸਲਾ ਲਾਇਸੈਂਸ-ਧਾਰਕ

ਨਬਜ਼-ਏ-ਪੰਜਾਬ, ਮੁਹਾਲੀ, 12 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੈਂਸ ਧਾਰਕਾਂ ਨੂੰ ਸਖ਼ਤੀ ਨਾਲ ਆਪਣੇ ਅਸਲਾ ਲਾਇਸੈਂਸ ’ਤੇ ਦਰਜ ਤੀਜਾ ਹਥਿਆਰ ਫੌਰੀ ’ਤੇ ਕੈਂਸਲ\ਰੱਦ ਕਰਨ ਕਿਹਾ ਹੈ। ਅੱਜ ਇੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਸਮੂਹ ਅਸਲਾ ਲਾਇਸੈਂਸ ਧਾਰਕਾਂ ਨੂੰ 8 ਸਤੰਬਰ 2020 ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਸੀ ਕਿ ਆਰਮਜ਼ ਐਕਟ 1959 ਅਮੈਂਡਮੈਂਟ ਐਕਟ 2019 ਦੇ ਸੈਕਸ਼ਨ 3 (2) ਵਿੱਚ ਕੀਤੀ ਗਈ ਸੋਧ ਅਨੁਸਾਰ ਅਸਲਾ ਲਾਇਸੈਂਸ ਧਾਰਕ ਨੂੰ ਸਿਰਫ਼ ਦੋ ਹਥਿਆਰ ਰੱਖਣ ਦੀ ਹੀ ਇਜਾਜ਼ਤ ਹੈ। ਲਿਹਾਜ਼ਾ ਜਿਨ੍ਹਾਂ ਅਸਲਾ ਲਾਇਸੈਂਸ ਹੋਲਡਰਾਂ ਵੱਲੋਂ ਆਪਣੇ ਲਾਇਸੈਂਸ ’ਤੇ 3 ਹਥਿਆਰ ਦਰਜ ਕਰਵਾਏ ਹੋਏ ਹਨ, ਉਹ ਆਪਣਾ ਤੀਜਾ ਹਥਿਆਰ ਤੁਰੰਤ ਕੈਂਸਲ\ਰੱਦ ਕਰਵਾਉਣਾ ਯਕੀਨੀ ਬਣਾਉਣ।
ਡੀਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਆਰਮਜ਼ ਐਕਟ 1959 ਦੇ ਅਮੈਂਡਮੈਂਟ ਐਕਟ 2019 ਦੇ ਸੈਕਸ਼ਨ 3 (2) ਵਿੱਚ ਕੀਤੀ ਗਈ ਸੋਧ ਅਨੁਸਾਰ ਸਖ਼ਤੀ ਨਾਲ ਮੁੜ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਲਾਇਸੈਂਸ ਧਾਰਕਾਂ ਨੇ ਅਜੇ ਤਾਈਂ 2 ਤੋਂ ਵੱਧ ਹਥਿਆਰ ਦਰਜ ਲਾਇਸੈਂਸਾਂ ਤੋਂ ਸਰੰਡਰ ਨਹੀਂ ਕਰਵਾਏ, ਉਹ ਤੁਰੰਤ ਆਪਣਾ ਲਾਇਸੈਂਸ ਸਰੰਡਰ ਕਰਵਾਉਣ। ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਹਾਲੇ ਵੀ ਕਰੀਬ ਦੋ ਦਰਜਨ ਅਸਲਾ ਲਾਇਸੈਂਸ ਧਾਰਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਲਾਇਸੈਂਸ ਤੋਂ ਤੀਜਾ ਹਥਿਆਰ ਕੈਂਸਲ ਜਾਂ ਸਬੰਧਤ ਥਾਣੇ ਵਿੱਚ ਜਮਾਂ ਨਹੀਂ ਕਰਾਇਆ ਗਿਆ ਹੈ। ਉਨ੍ਹਾਂ ਨੇ ਅਜਿਹੇ ਲਾਇਸੈਂਸ ਧਾਰਕਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਤੀਜਾ ਹਥਿਆਰ ਕੈਂਸਰ ਕਰਾਉਣ ਦੀ ਚਿਤਾਵਨੀ ਦਿੱਤੀ ਹੈ।
ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਤੀਜਾ ਹਥਿਆਰ ਵੇਚਣ ਲਈ ਐਨਓਸੀ ਪ੍ਰਾਪਤ ਨਹੀਂ ਕੀਤੀ ਹੈ, ਉਹ ਤੁਰੰਤ ਸੇਵਾ ਕੇਂਦਰ ਵਿੱਚ ਅਪਲਾਈ ਕਰਨ ਅਤੇ ਆਪਣਾ ਤੀਜਾ ਹਥਿਆਰ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਜ਼ਾ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੈਂਸ ਧਾਰਕ ਵਿਰੁੱਧ ਆਰਮਜ਼ ਐਕਟ ਦੇ 1959 ਦੇ ਸੈਕਸ਼ਨ 17 (3) ਤਹਿਤ ਅਸਲਾ ਲਾਇਸੈਂਸ ਕੈਂਸਲ/ਮੁਅੱਤਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Load More Related Articles

Check Also

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ ਕਮਿਸ਼ਨ ਦੇ ਮੈਂਬਰ ਤੇ ਕਮਿਸ਼ਨਰ ਨੇ…