
ਡੀਸੀ ਵੱਲੋਂ ਮੁਹਾਲੀ ਵਿੱਚ ਅਸੁਰੱਖਿਅਤ ਇਮਾਰਤਾਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ
ਨਬਜ਼-ਏ-ਪੰਜਾਬ, ਮੁਹਾਲੀ, 11 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਬਰਸਾਤ ਅਤੇ ਕਾਫ਼ੀ ਥਾਵਾਂ ’ਤੇ ਮੀਂਹ ਦਾ ਪਾਣੀ ਭਰਨ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਮੁਹਾਲੀ ਨਗਰ ਨਿਗਮ ਨੂੰ ਸ਼ਹਿਰੀ ਖੇਤਰ ਵਿੱਚ ਅਸੁਰੱਖਿਅਤ ਇਮਾਰਤਾਂ ਦੀ ਤੁਰੰਤ ਸ਼ਨਾਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਗਲਵਾਰ ਨੂੰ ਜਾਰੀ ਤਾਜ਼ਾ ਹੁਕਮਾਂ ਵਿੱਚ ਡੀਸੀ ਨੇ ਨਗਰ ਨਿਗਮ ਸਮੇਤ ਮੁਹਾਲੀ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਤੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੂੰ ਕਿਹਾ ਗਿਆ ਕਿ ਉਹ ਇਮਾਰਤਾਂ ਅਤੇ ਰਿਹਾਇਸ਼ਾਂ ਦੀ ਸ਼ਨਾਖ਼ਤ ਕਰਨਾ ਯਕੀਨੀ ਬਣਾਉਣ ਜੋ ਤੇਜ਼ ਬਾਰਸ਼ ਕਾਰਨ ਢਾਂਚਾਗਤ ਤੌਰ ’ਤੇ ਅਸੁਰੱਖਿਅਤ ਹੋ ਗਈਆਂ ਹਨ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਬੰਧਤ ਇਮਾਰਤ\ਘਰਾਂ ਨੂੰ ਸਮੇਂ ਸਿਰ ਖਾਲੀ ਕਰਵਾਇਆ ਜਾਵੇ ਤਾਂ ਜੋ ਮਨੁੱਖੀ ਜੀਵਨ ਨੂੰ ਕੋਈ ਨੁਕਸਾਨ/ਖ਼ਤਰਾ ਨਾ ਬਣੇ।
ਆਸ਼ਿਕਾ ਜੈਨ ਨੇ ਲੋਕਾਂ ਨੂੰ ਮੌਨਸੂਨ ਸੀਜ਼ਨ ਦੌਰਾਨ 1 ਅਕਤੂਬਰ ਤੱਕ ਜਲ ਸਰੋਤਾਂ ਜਿਵੇਂ ਕਿ ਝੀਲਾਂ, ਚੋਆਂ, ਛੱਪੜਾਂ ਜਾਂ ਇੱਥੋਂ ਤੱਕ ਕਿ ਸੇਮ ਵਾਲੇ ਖੇਤਰਾਂ ਜਾਂ ਇਸ ਦੇ ਆਲੇ-ਦੁਆਲੇ ਨਾ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਪਾਣੀ ਵਿੱਚ ਡੁੱਬਣ ਨਾਲ ਜੁੜੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਸਮੂਹ ਮਿਉਂਸਪਲ ਕਮੇਟੀਆਂ, ਗਮਾਡਾ ਅਤੇ ਜੰਗਲਾਤ ਵਿਭਾਗ ਨੂੰ ਸੜਕਾਂ, ਗਲੀਆਂ ਅਤੇ ਜਨਤਕ ਮਾਰਗਾਂ ਤੋਂ ਡਿੱਗੇ ਦਰਖ਼ਤਾਂ ਨੂੰ ਤੁਰੰਤ ਪਾਸੇ ਹਟਾਉਣ ਦੇ ਆਦੇਸ਼ ਵੀ ਦਿੱਤੇ ਹਨ। ਇਸੇ ਤਰ੍ਹਾਂ ਨਗਰ ਨਿਗਮ, ਮਿਉਂਸਪਲ ਕਮੇਟੀਆਂ ਅਤੇ ਲੋਕ ਨਿਰਮਾਣ ਵਿਭਾਗ ਨੂੰ ਸੜਕਾਂ ’ਤੇ ਪਏ ਖੱਡਿਆਂ ਦੀ ਤੁਰੰਤ ਮੁਰੰਮਤ ਕਰਨ ਲਈ ਕਿਹਾ ਹੈ। ਐਸਪੀ (ਟਰੈਫ਼ਿਕ) ਨੂੰ ਪੈਦਲ ਯਾਤਰੀਆਂ, ਸਾਈਕਲ ਸਵਾਰਾਂ ਅਤੇ ਵਾਹਨ ਚਾਲਕਾਂ ਨੂੰ ਕਿਸੇ ਵੀ ਦੁਰਘਟਨਾ ਤੋਂ ਬਚਾਉਣ ਲਈ ਅਜਿਹੇ ਖੇਤਰਾਂ ਦੀ ਬੈਰੀਕੈਡ ਜਾਂ ਹੋਰ ਢੰਗ ਨਾਲ ਘੇਰਾਬੰਦੀ ਕਰਨ ਦੀ ਸਲਾਹ ਦਿੱਤੀ ਹੈ।
ਡੀਸੀ ਨੇ ਸਬੰਧਤ ਅਥਾਰਟੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਸਾਰੇ ਮੇਨਹੋਲ ਦੇ ਢੱਕਣ ਅਤੇ ਰੋਡ ਗਲੀਆਂ ਨੂੰ ਸਹੀ ਢੰਗ ਨਾਲ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਪੈਦਲ ਚੱਲਣ ਵਾਲੇ, ਸਾਈਕਲ ਸਵਾਰਾਂ ਅਤੇ ਵਾਹਨ ਚਾਲਕਾਂ ਨੂੰ ਕਿਸੇ ਵੀ ਦੁਰਘਟਨਾ ਤੋਂ ਬਚਾਇਆ ਜਾ ਸਕੇ। ਇੰਜ ਹੀ ਸਮੂਹ ਐਸਡੀਐਮਜ਼ ਅਤੇ ਪੁਲੀਸ ਨੂੰ ਪਾਣੀ ਨਾਲ ਭਰੇ ਅੰਡਰਬ੍ਰਿਜ ਅਤੇ ਸਬ-ਵੇਅ ਦੀ ਸਹੀ ਢੰਗ ਨਾਲ ਘੇਰਾਬੰਦੀ ਅਤੇ ਆਵਾਜਾਈ ਨੂੰ ਬਦਲਵੇਂ ਰੂਟਾਂ ’ਤੇ ਮੋੜਨਾ ਯਕੀਨੀ ਬਣਾਇਆ ਜਾਵੇ।
ਡੀਸੀ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ/ਦਫ਼ਤਰਾਂ ਨੂੰ ਕਿਹਾ ਕਿ ਉਹ ਦਫ਼ਤਰੀ ਇਮਾਰਤਾਂ ਵਿੱਚ ਨਮੀ ਅਤੇ ਪਾਣੀ ਭਰਨ ਕਾਰਨ ਬਿਜਲੀ ਦੇ ਕਰੰਟ ਲੱਗਣ ਦੇ ਸੰਭਾਵਿਤ ਬਿੰਦੂਆਂ ਦਾ ਪਤਾ ਲਗਾਉਣ ਲਈ ਆਪਣੇ ਇਮਾਰਤਾਂ ਦਾ ਮੁਆਇਨਾ ਕਰਨ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਿਜਲੀ ਦੇ ਖੰਭਿਆਂ ਅਤੇ ਸਟਰੀਟ ਲਾਈਟਾਂ ਦੀ ਜਾਂਚ ਦੇ ਵੀ ਆਦੇਸ਼ ਦਿੱਤੇ ਤਾਂ ਜੋ ਪੈਦਲ ਚੱਲਣ ਵਾਲਿਆਂ ਨੂੰ ਬਿਜਲੀ ਕਰੰਟ ਤੋਂ ਬਚਾਇਆ ਜਾ ਸਕੇ। ਉਨ੍ਹਾਂ ਸਿਵਲ ਸਰਜਨ ਨੂੰ ਪੀੜਤ ਵਿਅਕਤੀਆਂ ਦੇ ਤੁਰੰਤ ਇਲਾਜ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।