
ਡੀਸੀ ਨੇ ਭਾਰਤ-ਆਸਟ੍ਰੇਲੀਆ ਦੇ ਪਹਿਲੇ ਟੀ-20 ਕ੍ਰਿਕਟ ਮੈਚ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਵਿੱਚ 20 ਸਤੰਬਰ ਨੂੰ ਹੋਣ ਵਾਲੇ ਭਾਰਤ ਬਨਾਮ ਆਸਟ੍ਰੇਲੀਆ ਦੇ ਪਹਿਲੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਮੈਚ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਹਿਮ ਮੀਟਿੰਗ ਕੀਤੀ ਅਤੇ ਕ੍ਰਿਕਟ ਮੈਚ ਅਤੇ ਦਰਸ਼ਕਾਂ ਦੀ ਸੁਰੱਖਿਆ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
ਸ੍ਰੀ ਤਲਵਾੜ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਹਾਲੀ ਵਿੱਚ ਹੋਣ ਜਾ ਰਹੇ ਭਾਰਤ-ਆਸਟ੍ਰੇਲੀਆ ਦੇ ਪਹਿਲੇ ਟੀ-20 ਕ੍ਰਿਕਟ ਮੈਚ ਦੇ ਪ੍ਰਬੰਧਾਂ ਵਿੱਚ ਕੋਈ ਕੋਤਾਹੀ ਨਾ ਵਰਤੀ ਜਾਵੇ। ਉਨ੍ਹਾਂ ਫਾਇਰ ਬ੍ਰਿਗੇਡ ਨਾਲ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਲੋੜੀਂਦੇ ਪ੍ਰਬੰਧਾਂ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਖਾਸ ਤੌਰ ’ਤੇ ਕਿਹਾ ਕਿ ਉਹ ਮਾਹਰ ਡਾਕਟਰਾਂ ਅਤੇ ਮੈਡੀਕਲ ਟੀਮਾਂ ਨੂੰ ਮੈਚ ਵਾਲੇ ਦਿਨ ਸਟੇਡੀਅਮ ਵਿੱਚ ਤਾਇਨਾਤ ਕੀਤੀਆਂ ਜਾਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਹੋਣ ’ਤੇ ਸਮਾਂ ਰਹਿੰਦੇ ਤੁਰੰਤ ਮੁਸਤੈਦੀ ਨਾਲ ਸਹਾਇਤਾ ਕੀਤੀ ਜਾ ਸਕੇ। ਡੀਸੀ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੈਚ ਦੌਰਾਨ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਵਿਸਵਥਾ ਬਰਕਰਾਰ ਰੱਖਣ ਅਤੇ ਸ਼ਾਤੀਮਈ ਢੰਗ ਨਾਲ ਲੋਕਾਂ ਦੀ ਸਹੂਲਤ ਅਨੁਸਾਰ ਕੰਮ ਕੀਤਾ ਜਾਵੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਵਨੀਤ ਕੌਰ, ਐਸਡੀਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ, ਐਸਡੀਐਮ ਖਰੜ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਤਰਸੇਮ ਚੰਦ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।