
ਮੁਹਾਲੀ ਜ਼ਿਲ੍ਹੇ ਵਿੱਚ 92 ਸੜਕ ਦੁਰਘਟਨਾ ਪੁਆਇੰਟਾਂ ਬਾਰੇ ਡੀਸੀ ਨੇ ਕੀਤੀ ਸਮੀਖਿਆ
ਡੀਸੀ ਅਮਿਤ ਤਲਵਾੜ ਦੀ ਪ੍ਰਧਾਨਗੀ ਹੇਠ ਹੋਈ ਸੜਕ ਸੁਰੱਖਿਆ ਕਮੇਟੀ ਦੀ ਅਹਿਮ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਪ੍ਰਧਾਨਗੀ ਹੇਠ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਉਨ੍ਹਾਂ ਨੇ ਮੁਹਾਲੀ ਜ਼ਿਲ੍ਹੇ ਦੀਆਂ ਮੁੱਖ ਸੜਕਾਂ ਉੱਤੇ ਨਿਸ਼ਾਨਦੇਹੀ ਕੀਤੇ ਗਏ 92 ਬਲੈਕ ਸਪੋਟ (ਸੰਭਾਵੀ ਦੁਰਘਟਨਾ ਪੁਆਇੰਟਾਂ) ਸਬੰਧੀ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸੜਕਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਜਿਵੇ ਨੈਸ਼ਨਲ ਹਾਈਵੇਅ ਅਥਾਰਟੀ ਭਾਰਤ ਸਰਕਾਰ, ਗਮਾਡਾ, ਸੜਕਾਂ (ਬੀ.ਐਡ.ਆਰ) ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਕਿ ਇਨ੍ਹਾਂ ਬਲੈਕ ਸਪੋਟਸ ਨੂੰ ਠੀਕ ਕਰਨ ਲਈ ਸੜਕ ਸੁਰੱਖਿਆ ਇੰਜੀਨੀਅਰ ਵਿੰਗ ਦੇ ਸਲਾਹਕਾਰ ਡਾ. ਨਵਦੀਪ ਹਸੀਜਾ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਰਾਏ ਲਈ ਜਾਵੇ।
ਇਸੇ ਦੌਰਾਨ ਡੀਸੀ ਅਮਿਤ ਤਲਵਾੜ ਨੇ ਸੁਰੱਖਿਅਤ ਸਕੂਲ ਵਾਹਨ ਸਕੀਮ ਤਹਿਤ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਕਾਰਵਾਈ ਦੀ ਵੀ ਸਮੀਖਿਆ ਕਰਦਿਆਂ ਸਬੰਧਤ ਧਿਰਾਂ ਨੂੰ ਹਦਾਇਤ ਕੀਤੀ ਗਈ ਕਿ ਇਸ ਸਕੀਮ ਤਹਿਤ ਗਠਿਤ ਕੀਤੀ ਗਈ ਇੰਸਪੈਕਸ਼ਨ ਕਮੇਟੀ ਵੱਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਲਈ ਚਲਾਈਆਂ ਜਾ ਰਹੀਆਂ ਬੱਸ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਏ ਜਾਵੇ ਕਿ ਇਨ੍ਹਾਂ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।
ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਸਪੀਡ ਲਿਮਟ ਨੋਟੀਫ਼ਿਕੇਸ਼ਨ ਸਬੰਧੀ ਸੜਕਾਂ ਖਾਸ ਕਰ ਸਕੂਲਾਂ ਅੱਗੇ ਸਾਈਨ ਬੋਰਡ ਲਗਾਏ ਜਾਣ ਅਤੇ ਇਸ ਸਬੰਧੀ ਕੀਤੀ ਕਾਰਵਾਈ ਦੀ ਰਿਪੋਰਟ ਅਗਲੀ ਮੀਟਿੰਗ ਵਿੱਚ ਨਾਲ ਲੈ ਕੇ ਆਉਣ।
ਮੀਟਿੰਗ ਵਿੱਚ ਏਡੀਸੀ (ਜਨਰਲ) ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਯੂ.ਡੀ) ਸ੍ਰੀਮਤੀ ਪੂਜਾ ਸਿਆਲ, ਖਰੜ ਦੇ ਐਸਡੀਐਮ ਅਭਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ, ਡੀਐਸਪੀ (ਟਰੈਫ਼ਿਕ) ਸੁਰਿੰਦਰ ਮੋਹਨ ਸਿੰਘ, ਐਨਜੀਓ.ਅਵਾਏਡ ਐਕਸੀਡੈਂਟ ਦੇ ਅਧਿਕਾਰੀ ਹਰਪ੍ਰੀਤ ਅਤੇ ਰੋਡ ਸੇਫ਼ਟੀ ਇੰਜੀਨੀਅਰ ਚਰਨਜੀਤ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।