ਡੀਸੀ ਨੇ ਡੇਰਾਬੱਸੀ ਤੇ ਲਾਲੜੂ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੰਡੀਆਂ ਵਿੱਚ ਕਣਕ ਦੀ ਆਮਦ ਦੇ 24 ਘੰਟਿਆਂ ਵਿੱਚ ਸਰਕਾਰੀ ਖਰੀਦ ਯਕੀਨੀ ਬਣਾਉਣ ਦੇ ਆਦੇਸ਼

ਕਿਸਾਨਾਂ ਨੂੰ ਸੁੱਕੀ ਕਣਕ ਹੀ ਮੰਡੀਆਂ ‘ਚ ਲੈ ਕੇ ਆਉਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸ਼ੁੱਕਰਵਾਰ ਨੂੰ ਡੇਰਾਬੱਸੀ ਅਤੇ ਲਾਲੜੂ ਅਨਾਜ ਮੰਡੀ ਦਾ ਅੱਜ ਬਾਅਦ ਦੁਪਹਿਰ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀਆਂ ਵਿੱਚ ਕਣਕ ਦੀ ਆਮਦ ਦੇ 24 ਘੰਟਿਆਂ ਵਿੱਚ ਖਰੀਦ ਕਰਨੀ ਯਕੀਨੀ ਬਣਾਉਣ। ਉਨ੍ਹਾਂ ਨੇ ਇਸਦੇ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਖਰੀਦੀ ਕਣਕ ਦੀ ਮੰਡੀਆਂ ’ਚੋਂ ਲਿਫ਼ਟਿੰਗ ਵੀ ਨਾਲੋ-ਨਾਲ ਯਕੀਨੀ ਬਣਾਈ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ, ਮਾਰਕਿਟ ਕਮੇਟੀ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੇ ਆੜਤੀਆਂ ਨਾਲ ਮੀਟਿੰਗ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਕਣਕ ਦੀ ਨਮੀ ਨੂੰ ਘੱਟ ਕਰਨ ਲਈ ਪੱਖਿਆਂ ਦੀ ਵਰਤੋਂ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ 12 ਫੀਸਦੀ ਤੋਂ ਘੱਟ ਨਮੀ ਵਾਲੀ ਕਣਕ ਨੂੰ ਤੁਰੰਤ ਖਰੀਦਣ ਦੇ ਆਦੇਸ਼ ਦਿੰਦਿਆ ਕਿਹਾ ਕਿ ਮੰਡੀ ਵਿੱਚ ਆਈ ਕਣਕ ਦੀ ਜਲਦੀ ਤੋਂ ਜਲਦੀ ਖਰੀਦ ਕਰਕੇ ਲਿਫ਼ਟਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾਲੋ ਨਾਲ ਜੇ ਫਾਰਮ ਆਨ ਲਾਈਨ ਜਾਰੀ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਵਿੱਚ ਖਰੀਦ ਤੋਂ ਪਹਿਲਾਂ ਮੰਡੀ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਕਿਹਾ ਕਿ ਉਹ ਕਿਸੇ ਕਿਸਾਨ ਦੀ ਪ੍ਰੇਸ਼ਾਨੀ ਦਾ ਸਬੱਬ ਨਾ ਬਣਨ ਅਤੇ ਉਨ੍ਹਾਂ ਦੀ ਜਿਣਸ ਦੀ ਮੰਡੀ ਵਿੱਚ ਆਮਦ ਹੋਣ ਸਮੇਂ ਪੱਖਾ ਆਦਿ ਲਗਣ ਮਗਰੋਂ ਤੁਰੰਤ ਖਰੀਦ ਕਰਵਾਉਣ।
ਅਮਿਤ ਤਲਵਾੜ ਨੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਜਿਣਸ ਹੀ ਮੰਡੀ ਵਿੱਚ ਲਿਆਉਣ ਤਾਂ ਕਿ ਉਨ੍ਹਾਂ ਦੀ ਫ਼ਸਲ ਦਾ ਵਾਜਬ ਭਾਅ ਮਿਲ ਸਕੇ ਤੇ ਉਨ੍ਹਾਂ ਨੂੰ ਮੰਡੀ ਵਿੱਚ ਜ਼ਿਆਦਾ ਸਮਾਂ ਨਾ ਬੈਠਣਾ ਪਵੇ।

ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਚੁਸਤ-ਦਰੁਸਤ ਹੈ ਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਮੰਡੀਆਂ ਵਿੱਚ ਆਪਣੀ ਜਿਣਸ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਮੌਕੇ ਡੀਐਫ਼ਐਸਸੀ ਮੁਹਾਲੀ ਡਾ. ਕਿੰਮੀ ਵਨੀਤ ਕੌਰ ਸੇਠੀ ਸਮੇਤ ਖੁਰਾਕ ਸਪਲਾਈ ਵਿਭਾਗ ਅਤੇ ਮੰਡੀ ਬੋਰਡ ਦੇ ਫੀਲਡ ਸਟਾਫ਼ ਤੋਂ ਤੋਂ ਇਲਾਵਾ ਆੜਤੀਏ ਅਤੇ ਕਿਸਾਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…