ਡੀਸੀ ਨੇ ਡੇਂਗੂ ਦੀ ਰੋਕਥਾਮ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦਾ ਸਹਿਯੋਗ ਮੰਗਿਆ

ਜ਼ਿਲ੍ਹਾ ਪ੍ਰਸ਼ਾਸਨਿਕ ਤੇ ਸਿਹਤ ਅਧਿਕਾਰੀਆਂ ਨਾਲ ਡੇਂਗੂ ਤੇ ਹੈਜ਼ੇ ਦੇ ਦੀ ਕੀਤੀ ਸਮੀਖਿਆ

ਲੋਕਾਂ ਨੂੰ ਜਾਗਰੂਕ ਕਰਨ ਲਈ ਐਸਡੀਐਮਜ਼ ਨੂੰ ਡਰਾਈ ਡੇਅ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ

ਨਬਜ਼-ਏ-ਪੰਜਾਬ, ਮੁਹਾਲੀ, 5 ਅਗਸਤ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ/ਮੈਟੀਨੈਂਸ ਸੁਸਾਇਟੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਡੇਂਗੂ ਲਾਰਵੇ ਦੇ ਖ਼ਾਤਮੇ ਲਈ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਨੂੰ ਸਾਫ਼ ਰੱਖਣ ਅਤੇ ਖਾਲੀ ਪਲਾਟਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ ’ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਡੀਸੀ ਨੇ ਡੇਂਗੂ ਅਤੇ ਹੈਜ਼ਾ ਕੇਸਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਣ ’ਤੇ ਚਿੰਤਾ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਡੇਂਗੂ ਦੇ ਵੱਧ ਰਹੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਪੇਂਡੂ ਅਤੇ ਸ਼ਹਿਰੀ ਕਮੇਟੀਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 5 ਦਿਨਾਂ ਵਿੱਚ ਡੇਂਗੂ ਦੇ 10 ਕੇਸ ਦਰਜ ਕੀਤੇ ਗਏ ਹਨ ਜਦੋਂਕਿ ਕੰਟੇਨਰ ਸਰਵੇ ਵਿੱਚ ਡੇਂਗੂ ਲਾਰਵੇ ਦੇ 308 ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਸਬੰਧੀ 143 ਚਲਾਨ ਕੀਤੇ ਗਏ ਹਨ। ਜਦੋਂਕਿ ਪਿਛਲੇ ਜੁਲਾਈ ਵਿੱਚ ਕੰਟੇਨਰ ਸਰਵੇ ਦੌਰਾਨ ਲਾਰਵੇ ਦੇ 1085 ਕੇਸ ਮਿਲੇ ਸਨ ਅਤੇ 290 ਦੇ ਚਲਾਨ ਕੀਤੇ ਗਏ ਸਨ। ਡੀਸੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਫੌਗਿੰਗ ਅਤੇ ਸਪਰੇਅ ਕਰਨ ’ਤੇ ਜ਼ੋਰ ਦਿੰਦਿਆਂ ਸਮੂਹ ਐਸਡੀਐਮਜ਼ ਨੂੰ ਲਾਰਵਾ ਮਿਲਣ ਦੇ ਹੌਟ ਸਪਾਟ ਬੈਲਟਾਂ ਵਿੱਚ ਸ਼ੁੱਕਰਵਾਰ ਨੂੰ ਡਰਾਈ ਡੇਅ ਮੁਹਿੰਮ ਦੀ ਅਗਵਾਈ ਕਰਨ ਦੇ ਆਦੇਸ਼ ਦਿੱਤੇ।
ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਖਰੜ, ਡੇਰਾਬੱਸੀ, ਸੰਨੀ ਐਨਕਲੇਵ, ਝੁੰਗੀਆਂ ਰੋਡ ਅਤੇ ਬਾਲਾ ਜੀ ਸੁਸਾਇਟੀ ਵਿੱਚ ਸਭ ਤੋਂ ਵੱਧ ਡੇਂਗੂ ਦਾ ਲਾਰਵਾ ਮਿਲਿਆ ਹੈ ਜਦੋਂਕਿ ਡੇਰਾਬੱਸੀ ਵਿੱਚ ਤ੍ਰਿਵੇਦੀ ਕੈਂਪ, ਸੁਸ਼ਮਾ ਜੋਏਨੇਸਟ ਜ਼ੀਰਕਪੁਰ, ਭਬਾਤ, ਅਮਨਦੀਪ ਕਲੋਨੀ ਵਿੱਚ ਲਾਰਵਾ ਕੇਸਾਂ ਦੀ ਵਧੇਰੇ ਗਿਣਤੀ ਹੈ।
ਡਿਪਟੀ ਕਮਿਸ਼ਨਰ ਨੇ ਐਸਡੀਐਮਜ਼ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਗੈਰ-ਸਹਿਯੋਗੀ ਡਿਵੈਲਪਰਾਂ, ਜਿੱਥੇ ਖਾਲੀ ਪਲਾਟਾਂ ਵਿੱਚ ਪਾਣੀ ਖੜ੍ਹਨ ਕਰਨ ਡੇਂਗੂ ਲਾਰਵਾ ਅਤੇ ਡੇਂਗੂ ਦੀ ਫੈਕਟਰੀ ਬਣ ਗਏ ਹਨ, ਵਿਰੁੱਧ ਸੀਆਰਪੀਸੀ ਦੀ ਧਾਰਾ 133 ਤਹਿਤ ਸਖ਼ਤ ਕਾਰਵਾਈ ਯਕੀਨੀ ਬਣਾਉਣ ਅਤੇ ਪਿੰਡਾਂ ਵਿੱਚ ਵੀ ਡੇਗੂ ਮੱਛਰ ਦੀ ਪੈਦਾਵਾਰ ਰੋਕਣ ਲਈ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਾਨਲੇਵਾ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 38 ਹੈਜ਼ਾ ਪਾਜ਼ੇਟਿਵ ਕੇਸ ਆ ਚੁੱਕੇ ਹਨ, ਜਿਨ੍ਹਾਂ ’ਚੋਂ 4 ਮਰੀਜ਼ ਇਲਾਜ ਅਧੀਨ ਹਨ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…