
ਡੀਸੀ ਨੇ ਕਰੋਨਾ ਮਰੀਜ਼ਾਂ ਦੀ ਮੌਤ ਬਾਰੇ ਸਮੇਂ ਸਿਰ ਰਿਪੋਰਟਾਂ ਨਾ ਦੇਣ ਦਾ ਲਿਆ ਗੰਭੀਰ ਨੋਟਿਸ
ਮੁਹਾਲੀ ਜ਼ਿਲ੍ਹੇ ਵਿੱਚ ਕੋਵਿਡ ਮਹਾਮਾਰੀ ਨਾਲ 6 ਮੌਤਾਂ, 230 ਨਵੇਂ ਮਾਮਲੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੇ ਕੁਝ ਹਸਪਤਾਲਾਂ ਵੱਲੋਂ ਕਰੋਨਾ ਤੋਂ ਪੀੜਤ ਮਰੀਜ਼ਾਂ ਦੀਆਂ ਮੌਤਾਂ ਬਾਰੇ ਦੇਰੀ ਨਾਲ ਰਿਪੋਰਟਾਂ ਭੇਜਣ ਦਾ ਸਖ਼ਤ ਨੋਟਿਸ ਲੈਂਦਿਆਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਮੂਹ ਹਸਪਤਾਲਾਂ ਨਾਲ ਤਾਲਮੇਲ ਕਰਕੇ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਰਿਪੋਰਟ ਨਾਲ ਦੀ ਨਾਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹਸਪਤਾਲ ਵੱਲੋਂ ਕਰੋਨਾ ਨਾਲ ਹੋਈ ਮੌਤ ਦੀ ਰਿਪੋਰਟ ਸਮੇਂ ਸਿਰ ਨਹੀਂ ਦਿੱਤੀ ਜਾਂਦੀ ਤਾਂ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਡੀਸੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ 230 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 65 ਹਜ਼ਾਰ 991 ’ਤੇ ਪਹੁੰਚ ਗਈ ਹੈ। ਉਂਜ ਨਾਲ-ਨਾਲ ਕਰੋਨਾ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ ਇਕੱਠੇ 709 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 6 ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 931 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਡੀਸੀ ਨੇ ਦੱਸਿਆ ਕਿ ਮੁਹਾਲੀ ਵਿੱਚ 55 ਵਿਅਕਤੀਆਂ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਲਾਲੜੂ ਵਿੱਚ 6, ਕੁਰਾਲੀ ਵਿੱਚ 9, ਘੜੂੰਆਂ ਵਿੱਚ 15, ਡੇਰਾਬੱਸੀ ਵਿੱਚ 17, ਬਨੂੜ ਵਿੱਚ 18, ਬੂਥਗੜ੍ਹ ਵਿੱਚ 21, ਢਕੋਲੀ ਵਿੱਚ 44 ਅਤੇ ਖਰੜ ਵਿੱਚ 45 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ 3826 ਕਰੋਨਾ ਮਹਾਮਾਰੀ ਦੇ ਨਵੇਂ ਐਕਟਿਵ ਕੇਸ ਹਨ। ਹੁਣ ਤੱਕ 61 ਹਜ਼ਾਰ 234 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਮੂੰਹ ਦੇ ਮਾਸਕ ਪਾਉਣਾ ਯਕੀਨੀ ਬਣਾਉਣ।