Nabaz-e-punjab.com

ਡੀਸੀ ਵੱਲੋਂ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ 15 ਜਨਵਰੀ ਤੱਕ ਆਪਣੀਆਂ ਵੋਟਾਂ ਬਣਾਉਣ ਦੀ ਅਪੀਲ

ਗਲਤੀ-ਰਹਿਤ ਵੋਟਰ ਸੂਚੀਆਂ ਤੇ ਨਵੀਆਂ ਵੋਟਾਂ ਬਣਾਉਣ ’ਤੇ ਵੀ ਦਿੱਤਾ ਜ਼ੋਰ

ਵੋਟਾਂ ਦੇ ਵੇਰਵੇ ਦਰੁਸਤ ਕਰਾਉਣ ਲਈ ਐਨਵੀਐਸਪੀ ਪੋਰਟਲ ਦੀ ਵਰਤੋਂ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਸਬੰਧੀ ਸਰਸਰੀ ਸੁਧਾਈ ਪ੍ਰੋਗਰਾਮ ਤਹਿਤ 15 ਜਨਵਰੀ ਤੱਕ ਖ਼ੁਦ ਨੂੰ ਵੋਟਰ ਵਜੋਂ ਰਜਿਸਟਰ ਕਰਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 16 ਦਸੰਬਰ 2019 ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜੋ 15 ਜਨਵਰੀ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 1 ਜਨਵਰੀ 2020 ਨੂੰ 18 ਸਾਲ ਦੀ ਉਮਰ ਹੋਣ ’ਤੇ ਹਰ ਨੌਜਵਾਨ ਆਪਣੀ ਵੋਟ ਬਣਾਉਣ ਦੇ ਯੋਗ ਹੈ ਅਤੇ ਇਸ ਸਬੰਧੀ ਉਹ ਬੂਥ ਲੈਵਲ ਅਫ਼ਸਰ (ਬੀਐਲਓ) ਜਾਂ ਐਸਡੀਐਮ ਦਫ਼ਤਰ ਜਾਂ ਫਿਰ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਪਹੁੰਚ ਕੇ ਆਪਣੀ ਵੋਟ ਬਣਵਾ ਸਕਦਾ ਹੈ।
ਇਸ ਤੋਂ ਇਲਾਵਾ ਜਿਹੜੇ ਵੋਟਰ ਕਿਸੇ ਕਿਸਮ ਦੀ ਦਰੁਸਤੀ ਕਰਵਾਉਣੀ ਚਾਹੁੰਦੇ ਹਨ, ਕਿਸੇ ਪਰਿਵਾਰਕ ਮੈਂਬਰ ਦੀ ਮੌਤ ਜਾਂ ਕਿਸੇ ਮੈਂਬਰ ਦੇ ਵਿਆਹ ਪਿੱਛੋਂ ਹੋਰ ਥਾਂ ਸ਼ਿਫ਼ਟ ਹੋਣ ਦੀ ਸੂਰਤ ਵਿੱਚ ਵੋਟ ਕਟਵਾਉਣੀ ਚਾਹੁੰਦੇ ਹੋਣ, ਉਹ ਵੀ ਆਪਣੇ ਬੂਥ ਲੈਵਲ ਅਫ਼ਸਰ, ਐਸਡੀਐਮ ਦਫ਼ਤਰ ਜਾਂ ਜ਼ਿਲ੍ਹਾ ਚੋਣ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹਰੇਕ ਵਿਅਕਤੀ ਗਲਤੀ-ਰਹਿਤ ਵੋਟਰ ਸੂਚੀਆਂ ਤੇ ਨਵੀਆਂ ਵੋਟਾਂ ਬਣਾਉਣ, ਸੋਧ ਕਰਾਉਣ ਅਤੇ ਵੋਟਰ ਵੇਰਵਿਆਂ ਨੂੰ ਦਰੁਸਤ ਕਰਨ ਲਈ ਕਮਿਸ਼ਨ ਦੇ ਰਾਸ਼ਟਰੀ ਵੋਟਰ ਸੇਵਾ ਪੋਰਟਲ (ਐਨਵੀਐਸਪੀ) ਦੀ ਵੀ ਵੱਧ ਤੋਂ ਵੱਧ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਪਾਰ ਕਰਨ ਵਾਲੇ ਨੌਜਵਾਨ ਜਾਂ ਪਹਿਲਾਂ ਤੋਂ ਰਜਿਸਟਰਡ ਵੋਟਰ ਆਪਣੇ ਵੋਟ ਸਬੰਧੀ ਵੇਰਵੇ ਦੀ ਦਰੁਸਤੀ ਲਈ ਪੋਰਟਲ ’ਤੇ ਬਿਨੈ ਕਰ ਸਕਦਾ ਹੈ। ਡੀਸੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੇ ਵਿਸ਼ੇਸ਼ ਸਰਸਰੀ ਸੁਧਾਈ ਪ੍ਰੋਗਰਾਮ ਦੌਰਾਨ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੇ ਸੁਧਾਈ ਪ੍ਰੋਗਰਾਮ ਤਹਿਤ ਬੂਥ ਲੈਵਲ ਅਫ਼ਸਰ ਤਿੰਨਾਂ ਵਿਧਾਨ ਸਭਾ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਜਾ ਕੇ ਕਾਰਜ ਕਰਨਗੇ। ਇਸ ਲਈ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਆਪੋ-ਆਪਣੇ ਬੂਥ ਲੈਵਲ ਏਜੰਟ (ਬੀਐਲਏ) ਤੁਰੰਤ ਨਾਮਜ਼ਦ ਕਰ ਲੈਣ ਤਾਂ ਜੋ ਵਿਸ਼ੇਸ਼ ਸੁਧਾਈ ਪ੍ਰੋਗਰਾਮ ਵਿੱਚ ਲੱਗੇ ਬੀਐਲਓਜ਼ ਨੂੰ ਘਰ-ਘਰ ਜਾ ਕੇ ਸਰਵੇਖਣ ਕਰਨ ਅਤੇ ਨਵੀਆਂ ਵੋਟਾਂ ਬਣਾਉਣ ਵਿੱਚ ਮਦਦ ਮੁਹੱਈਆ ਕਰਵਾਈ ਜਾ ਸਕੇ।
ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਯੋਗਤਾ 1 ਜਨਵਰੀ 2020 ਦੇ ਆਧਾਰ ’ਤੇ ਸਬੰਧਤ ਬੀਐਲਓਜ਼ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਕਿਸੇ ਤਰ੍ਹਾਂ ਦੇ ਦਾਅਵੇ ਜਾਂ ਇਤਰਾਜ਼ ਦਿੱਤੇ ਜਾ ਸਕਣਗੇ। ਨਾਲ ਹੀ ਉਨ੍ਹਾਂ ਨੇ ਕਲੱਬਾਂ, ਵਾਰਡਾਂ, ਸੁਸਾਇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ, ਬੀਐਲਓਜ਼, ਸੁਪਰਵਾਈਜ਼ਰਾਂ, ਸਕੂਲਾਂ ਤੇ ਕਾਲਜਾਂ ਦੇ ਨੋਡਲ ਅਫ਼ਸਰਾਂ/ਕੈਂਪਸ ਅੰਬੈਸਡਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਹਰ ਨਾਗਰਿਕ ਨੂੰ ਵੋਟਰ ਵਜੋਂ ਰਜਿਸਟਰ ਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…