
ਡੀਸੀ ਵੱਲੋਂ ਕੋਵਿਡ ਟੈਸਟਿੰਗ, ਕੰਟੈਕਟ ਟਰੇਸਿੰਗ ਅਤੇ ਵੈਕਸੀਨੇਸ਼ਨ ’ਤੇ ਜ਼ੋਰ
ਵੈਕਟਰ ਬੌਰਨ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਤੇਜ਼ੀ ਨਾਲ ਫੌਗਿੰਗ ਕਰਨ ਲਈ ਕਿਹਾ
ਪੇਚਸ਼ ਤੇ ਹੈਜ਼ਾ ਦੇ ਫੈਲਣ ਵਾਲੀਆਂ ਥਾਵਾਂ ’ਤੇ ਤੁਰੰਤ ਨਮੂਨੇ ਲੈਣਾ ਯਕੀਨੀ ਬਣਾਇਆ ਜਾਵੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਕੋਵਿਡ ਮਹਾਮਾਰੀ ਦੇ ਪਸਾਰ ਨੂੰ ਰੋਕਣ ਲਈ ਟੈਸਟਿੰਗ ਕੰਟੈਕਟ ਟਰੇਸਿੰਗ ਅਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ’ਤੇ ਜ਼ੋਰ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਕਰੋਨਾ ਪੀੜਤ ਮਰੀਜ਼ਾਂ ਦੀ ਜਾਂਚ ਅਤੇ ਸੰਪਰਕ ਟਰੇਸਿੰਗ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਦੂਜੀ ਖ਼ੁਰਾਕ ਦੀ ਵੈਕਸੀਨੇਸ਼ਨ ’ਤੇ ਖ਼ਾਸ ਜ਼ੋਰ ਦੇਣ ਕਿਉਂਕਿ ਟੀਕਾਕਰਨ ਦੀ ਪਹਿਲੀ ਖ਼ੁਰਾਕ ਦੇ ਮਾਮਲੇ ਵਿੱਚ ਮੁਹਾਲੀ ਜ਼ਿਲ੍ਹਾ ਅੱਵਲ ਰਿਹਾ ਹੈ। ਲਿਹਾਜ਼ਾ ਦੂਜੀ ਖ਼ੁਰਾਕ ਦੇਣ ਵਿੱਚ ਸਾਡਾ ਜ਼ਿਲ੍ਹਾ ਪਹਿਲੇ ਸਥਾਨ ’ਤੇ ਰਹਿਣਾ ਚਾਹੀਦਾ ਹੈ।
ਕੋਵਿਡ ਐਕਸ਼ਨ ਪਲਾਨ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੇ ਸਾਰੇ ਯੋਗ ਵਿਅਕਤੀਆਂ ਦੀ ਦੂਜੀ ਖ਼ੁਰਾਕ ਦੇ ਨਾਲ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਅਧਿਆਪਕਾਂ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਪਾਅ ਵਜੋਂ ਸਕੂਲਾਂ ਵਿੱਚ ਆਪਣੀ ਡਿਊਟੀ ’ਤੇ ਜਾਣ ਤੋਂ ਪਹਿਲਾਂ ਟੀਕਾ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਮੰਗ ਨੂੰ ਪੂਰਾ ਕਰਨ ਲਈ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਸਮਰੱਥਾ ਵਧਾਉਣਾ ਸਭ ਤੋਂ ਵੱਧ ਜ਼ਰੂਰੀ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਵਾਇਰਸ ਦੇ ਪਿੱਛੇ ਵਿਗਿਆਨ ਹਫ਼ਤਾਵਾਰੀ ਜਾਂ ਰੋਜ਼ਾਨਾ ਦੇ ਆਧਾਰ ’ਤੇ ਵਿਕਸਤ ਹੋ ਰਿਹਾ ਹੈ। ਇਸ ਨੂੰ ਸਿੱਖਣ ਤੇ ਸਮਝਣ ਲਈ ਕ੍ਰਮਵਾਰ ਪ੍ਰਕਿਰਿਆਵਾਂ ਅਪਣਾਉਣ ਦੀ ਲੋੜ ਹੈ।
ਡੇਂਗੂ ਅਤੇ ਹੋਰ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਬੋਲਦਿਆਂ ਡੀਸੀ ਨੇ ਕਿਹਾ ਕਿ ਨਗਰ ਨਿਗਮ ਅਤੇ ਸਮੂਹ ਨਗਰ ਕੌਂਸਲਾਂ ਵੱਲੋਂ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਜਾਵੇ, ਜਿੱਥੇ ਬਿਮਾਰੀ ਫੈਲਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ ਤਾਂ ਜੋ ਬਿਮਾਰੀ ਦੇ ਖ਼ਾਤਮੇ ਲਈ ਅਗਾਊਂ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਫੌਗਿੰਗ ਮੁਹਿੰਮ ਹੋਰ ਤੇਜ਼ ਕਰਨ ਅਤੇ ਸਬੰਧਤ ਵਾਹਨਾਂ ਦੀ ਜੀਪੀਐਸ ਨਾਲ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹੈਜ਼ਾ ਅਤੇ ਪੇਚਸ਼ ਫੈਲਣ ਵਾਲੀਆਂ ਥਾਵਾਂ ਦੀ ਜਿੰਨੀ ਛੇਤੀ ਹੋ ਸਕੇ ਪਛਾਣ ਕਰਕੇ ਉੱਥੇ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਸਾਂਝੀਆਂ ਟੀਮਾਂ ਵੱਲੋਂ ਸਰਵੇਖਣ ਅਤੇ ਪਾਣੀ ਦੇ ਨਮੂਨੇ ਲਏ ਜਾਣ। ਉਨ੍ਹਾਂ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਣ ’ਤੇ ਜ਼ੋਰ ਦਿੱਤਾ।
ਇਸ ਮੌਕੇ ਏਡੀਸੀ (ਜਨਰਲ) ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਐਸਡੀਐਮ ਹਰਬੰਸ ਸਿੰਘ, ਐਸਡੀਐਮ ਖਰੜ ਆਕਾਸ਼ ਬਾਂਸਲ, ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਜੀਤ ਕੌਰ ਬਰਾੜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।