
ਸਰਕਾਰੀ ਸਕੂਲਾਂ ਵੱਲੋਂ ਪਾਈਆਂ ਨਵੀਆਂ ਪੈੜਾਂ ਦੀ ਛਾਪ ਛੱਡ ਰਿਹਾ ਡੀਡੀ ਪੰਜਾਬੀ ਦਾ ਪ੍ਰੋਗਰਾਮ ‘ਨਵੀਆਂ ਪੈੜਾਂ’
ਇਸ ਵਾਰ ਜਲੰਧਰ ਦੇ ਸਰਕਾਰੀ ਸਕੂਲਾਂ ਦੀ ਗੁਣਾਤਮਿਕ ਸਿੱਖਿਆ ਦੀ ਲਾਜਵਾਬ ਝਲਕ ਨੇ ਕੀਲੇ ਦਰਸ਼ਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਅਤੇ ਗੁਣਾਤਮਿਕ ਸਕੂਲਾਂ ਦੀ ਝਲਕ ਪੇਸ਼ ਕਰਦੇ ਹਫ਼ਤਾਵਾਰੀ ਪ੍ਰੋਗਰਾਮ ‘ਨਵੀਆਂ ਪੈੜਾਂ’ ਵਿੱਚ ਇਸ ਵਾਰ ਜ਼ਿਲ੍ਹਾ ਜਲੰਧਰ ਦੇ ਸਕੂਲਾਂ ਦੀ ਲਾਜਵਾਬ ਦਿੱਖ ਅਤੇ ਵਿਦਿਆਰਥੀਆਂ ਦੀਆਂ ਬਾ-ਕਮਾਲ ਪੇਸ਼ਕਾਰੀਆਂ ਵੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠੇ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ਦੇ ਸਰਕਾਰੀ ਸਕੂਲ ਦੀ ਨਿਵੇਕਲੀ ਝਲਕ ਪੇਸ਼ ਕੀਤੀ ਗਈ। ਇਸ ਸਕੂਲ ਦੇ ਪ੍ਰਾਇਮਰੀ ਵਿੰਗ ਦੀ ਸਕੂਲ ਮੁਖੀ ਸੀਮਾ ਮਹਾਜਨ ਨੇ ਦੱਸਿਆ ਕਿ ਇਸ ਸਕੂਲ ਦੇ ਵਿੱਚ ਪੜ੍ਹੇ ਪੁਰਾਣੇ ਵਿਦਿਆਰਥੀ ਨੇ ਜੋ ਹੁਣ ਪਰਵਾਸੀ ਪੰਜਾਬੀ ਹੈ ਨੇ ਸਕੂਲ ਦੀ ਨੁਹਾਰ ਬਦਲਣ ਲਈ ਡੇਢ ਕਰੋੜ ਰੁਪਏ ਦੀ ਮਾਲੀ ਮਦਦ ਦਿੱਤੀ ਹੈ। ਜਿਸ ਸਦਕਾ ਇੱਕੋ ਕੈਂਪਸ ਵਿੱਚ ਚਲਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲ ਵਿੱਚ ਮਾਡਲ ਪ੍ਰੀ-ਪ੍ਰਾਇਮਰੀ ਜਮਾਤਾਂ, ਸਮਾਰਟ ਕਲਾਸ ਰੂਮ, ਵਡਮੁੱਲਾ ਗਿਆਨ ਵੰਡਦੀ ਸੋਹਣੀ ਇਮਾਰਤ , ਸੋਹਣੇ ਖੇਡ ਦੇ ਮੈਦਾਨ ਵੇਖਣਯੋਗ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਹੁਗਿਣਤੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਪਰਵਾਸੀ ਪੰਜਾਬੀਆਂ ਦੀ ਭੂਮਿਕਾ ਬੜੀ ਅਹਿਮ ਹੈ।
ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਅਮਰਦੀਪ ਸਿੰਘ ਬਾਠ ਵੱਲੋਂ ਜ਼ਿਲ੍ਹੇ ਦੀਆਂ ਖੇਡਾਂ ਵਿੱਚ ਸੰਸਾਰ ਪੱਧਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਇਸ ਦੌਰਾਨ ਹੁਣ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਕੀਤੇ ਗਏ ਖੇਡਾਂ ਦੇ ਪ੍ਰਬੰਧਾਂ ਦੀ ਵੀ ਝਲਕ ਵਿਖਾਈ ਗਈ ਜਿਸ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਹੁਣ ਵੀ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਰਹੇ ਹਨ। ਨਵੀਆਂ ਪੈੜਾਂ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ ਦੇ ਨਿਵੇਕਲੇ ਉਪਰਾਲੇ ਇੰਗਲਿਸ਼ ਬੂਸਟਰ ਕਲੱਬ ਦੀਆਂ ਪ੍ਰਾਪਤੀਆਂ ਨੂੰ ਦਰਸ਼ਕਾਂ ਦੇ ਰੂ-ਬਰੂ ਕੀਤਾ ਗਿਆ। ਜਿਸ ਵਿੱਚ ਸਰਕਾਰੀ ਸਕੂਲਾਂ ਦੇ ਤੋਤੇ ਵਾਂਗੂ ਅੰਗਰੇਜ਼ੀ ਬੋਲਦੇ ਵਿਦਿਆਰਥੀ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਮਾਤ ਰਹੇ ਸਨ। ਇਸ ਦੌਰਾਨ ਦੋ ਵਿਦਿਆਰਥਣਾਂ ਵੱਲੋਂ ਅੰਗਰੇਜ਼ੀ ਵਿੱਚ ਆਤਮ ਵਿਸ਼ਵਾਸ ਭਰੀ ਆਪਸੀ ਗੱਲਬਾਤ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਵਿੱਚ ਜਲੰਧਰ ਦੇ ਵਿਰਾਸਤੀ ਦਿੱਖ ਵਾਲੇ ਸਕੂਲਾਂ ਸਸਸਸਸ ਲਾਡੋਵਾਲੀ, ਸਸਸਸਸ ਪੀਏਪੀ ਕੈਂਪਸ ਜਲੰਧਰ, ਸਸਸਸਸ ਜੰਡਿਆਲਾ ਦੀਆਂ ਪੁਰਾਣੀਆਂ ਇਮਾਰਤਾਂ ਦੀ ਆਧੁਨਿਕ ਸਹੂਲਤਾਂ ਨਾਲ ਲਬਰੇਜ਼ ਝਲਕ ਵੇਖਣ ਵਾਲੀ ਸੀ।
ਇਸ ਸਬੰਧ ਬਰਿੰਦਰ ਕੌਰ ਪ੍ਰਿੰਸੀਪਲ ਸਸਸਸਸ ਲਾਡੋਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਹੋਂਦ ਅਜ਼ਾਦੀ ਤੋਂ ਵੀ ਪੁਰਾਣੀ ਹੈ ਅਤੇ ਉਸ ਸਮੇਂ ਸਕੂਲ ਪ੍ਰਾਇਮਰੀ ਪੱਧਰ ਦਾ ਸੀ ਜੋ ਹੁਣ ਸੀਨੀਅਰ ਸੈਕੰਡਰੀ ਪੱਧਰ ਤੱਕ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਉਨ੍ਹਾਂ ਦਾ ਸਕੂਲ ਸ਼ਹਿਰ ਦੇ ਨਾਮੀ ਨਿੱਜੀ ਸਕੂਲਾਂ ਨੂੰ ਇਮਾਰਤ, ਸਮਾਰਟ ਕਲਾਸ ਰੂਮ, ਫ਼ਰਨੀਚਰ, ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਮਾਤ ਦੇ ਰਿਹਾ ਹੈ। ਇਸ ਦੌਰਾਨ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ, ਲੋਕ ਗੀਤ ਆਦਿ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਗੱਲ ਕੀ ਸਮੁੱਚਾ ਪ੍ਰੋਗਰਾਮ ਜ਼ਿਲ੍ਹੇ ਦੇ ਸਕੂਲਾਂ ਦੀਆਂ ਹਰ ਖੇਤਰ ਵਿੱਚ ਪਾਈਆਂ ਜਾ ਰਹੀਆਂ ਨਵੀਆਂ ਪੈੜਾਂ ਨੂੰ ਬਾਖ਼ੂਬੀ ਰੂਪਮਾਨ ਕਰਦਾ ਸੀ।