ਰਿਹਾਇਸ਼ੀ ਖੇਤਰ ਫੇਜ਼-3ਬੀ-2 ਵਿੱਚ ਮਿਲਿਆ ਮ੍ਰਿਤਕ ਰਾਸ਼ਟਰੀ ਪੰਛੀ ‘ਮੋਰ’

ਵਿਭਾਗ ਨੇ ਮ੍ਰਿਤਕ ਮੋਰ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕੀਤਾ, ਹਾਰਟ ਫੇਲ੍ਹ ਕਾਰਨ ਹੋਈ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਇੱਥੋਂ ਦੇ ਫੇਜ਼-3ਬੀ-2 ਦੇ ਰਿਹਾਇਸ਼ੀ ਖੇਤਰ ਨੈਸ਼ਨਲ ਪੰਛੀ ਮੋਰ ਮ੍ਰਿਤਕ ਪਿਆ ਮਿਲਿਆ। ਸਭ ਤੋਂ ਪਹਿਲਾਂ ਸਥਾਨਕ ਵਸਨੀਕ ਦੀਪਇੰਦਰ ਸਿੰਘ ਸਿੱਧੂ ਨੇ ਮੋਰ ਨੂੰ ਮਰਿਆ ਹੋਇਆ ਦੇਖਿਆ ਅਤੇ ਤੁਰੰਤ ਇਲਾਕੇ ਦੇ ਕੌਂਸਲਰ ਅਤੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਇਤਲਾਹ ਦਿੱਤੀ। ਉਨ੍ਹਾਂ ਨੇ ਅੱਗੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜੰਗਲੀ ਜੀਵ ਵਿਭਾਗ ਦੇ ਫੀਲਡ ਅਫ਼ਸਰ ਤੇਜਿੰਦਰ ਸਿੰਘ ਵੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕ ਮੋਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਕੀਤਾ ਗਿਆ। ਰਿਪੋਰਟ ਵਿੱਚ ਪਾਇਆ ਗਿਆ ਕਿ ਪੰਛੀ ਦੀ ਮੌਤ ਹਾਰਟ ਫੇਲ੍ਹ ਹੋਣ ਕਾਰਨ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਗਿਆਨ ਜਯੋਤੀ ਇੰਸਟੀਚਿਊਟ ਨੇੜੇ ਫੇਜ਼-2 ਦੀ ਮਾਰਕੀਟ ਦੇ ਪਿੱਛੇ ਮਰਿਆ ਹੋਇਆ ਮੋਰ ਮਿਲਿਆ ਸੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨੈਸ਼ਨਲ ਪੰਛੀ ‘ਮੋਰ’ ਦਾ ਮ੍ਰਿਤਕ ਮਿਲਣਾ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਬੀਤੀ 4 ਮਈ ਨੂੰ ਫੇਜ਼-2 ਵਿੱਚ ਇੱਕ ਮੋਰ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ ਅਤੇ ਉਦੋਂ ਵੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੋਰਾਂ ਦੀ ਮੌਤ ਸਬੰਧੀ ਡੂੰਘਾਈ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕੌਮੀ ਪੰਛੀ ਦੀ ਮੌਤ ਪਿੱਛੇ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਮੋਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਾਇਲਡ ਲਾਈਫ਼ ਕਰਮਚਾਰੀਆਂ ਦੀ ਟੀਮ ਵੱਲੋਂ ਮ੍ਰਿਤਕ ਪੰਛੀ ਦਾ ਪੋਸਟਮਾਰਟਮ ਕੀਤਾ ਗਿਆ।
ਜੰਗਲੀ ਜੀਵ ਵਿਭਾਗ ਦੇ ਫ਼ੀਲਡ ਅਫ਼ਸਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਫੇਜ਼-3ਬੀ-2 ਵਿੱਚ ਇੱਕ ਮ੍ਰਿਤਕ ਮੋਰ ਬਾਰੇ ਜਾਣਕਾਰੀ ਮਿਲਣ ’ਤੇ ਉਹ ਖ਼ੁਦ ਵਿਭਾਗ ਦੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕ ਮੋਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਦਾ ਪੋਸਟ ਮਾਰਟਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਹਾਰਟ ਫੇਲ੍ਹ ਹੋਣ ਕਾਰਨ ਮੋਰ ਦੀ ਮੌਤ ਹੋਈ ਹੈ।
ਉਧਰ, ਯੂਥ ਆਗੂ ਰਾਜਾ ਕੰਵਰਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਹਫ਼ਤੇ ਹੀ ਗਿਆਨ ਜਯੋਤੀ ਇੰਸਟੀਚਿਊਟ ਨੇੜੇ ਫੇਜ਼-2 ਦੀ ਮਾਰਕੀਟ ਦੇ ਪਿੱਛੇ ਇੱਕ ਮਰਿਆ ਹੋਇਆ ਮੋਰ ਮਿਲਿਆ ਸੀ। ਉਨ੍ਹਾਂ ਨੇ ਪੋਸਟ ਮਾਰਟਮ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਸ ਮੋਰ ਦੀ ਮੌਤ ਆਵਾਰਾ ਕੁੱਤਿਆਂ ਦੇ ਹਮਲਾ ਕਰਨ ਨਾਲ ਹੋਈ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗੰਭੀਰ ਸਮੱਸਿਆ ਹੈ। ਹੁਣ ਤੱਕ ਆਵਾਰਾ ਕੁੱਤੇ ਕਈ ਬੱਚਿਆਂ ਅਤੇ ਅੌਰਤਾਂ ਨੂੰ ਕੱਟ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …