Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਚੋਣਾਂ: ਮੁਹਾਲੀ ਵਿੱਚ ਹੁਣ ਮੁਰਦੇ ਵੀ ਕਬਰਾਂ ’ਚੋਂ ਉੱਠ ਕੇ ਆਉਣਗੇ ਵੋਟ ਪਾਉਣ? ਮੁਹਾਲੀ ਪ੍ਰਸ਼ਾਸਨ ਦੀ ਘੋਰ ਅਣਗਹਿਲੀ, ਮ੍ਰਿਤਕ ਵਿਅਕਤੀਆਂ ਦੇ ਨਾਂ ਵੋਟਰ ਸੂਚੀ ’ਚ ਦਰਜ ਅਧਿਕਾਰੀਆਂ ਵੱਲੋਂ ਗੱਲ ਨਾ ਸੁਣੇ ਜਾਣ ਤੋਂ ਕੁੰਭੜਾ ਵਾਸੀਆਂ ਨੇ ਡੀਸੀ ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ: ਮੁਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਵਿੱਚ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਗਲਤ ਵਾਰਡਬੰਦੀ ਅਤੇ ਵਿਰੋਧੀਆਂ ਦੀਆਂ ਵੋਟਾਂ ਕੱਟਣ ਅਤੇ ਜਾਅਲੀ ਵੋਟਾਂ ਬਣਾਉਣ ਨੂੰ ਲੈ ਕੇ ਲੋਕਾਂ ਨੇ ਹੁਕਮਰਾਨਾਂ ਅਤੇ ਅਧਿਕਾਰੀਆਂ ’ਤੇ ਨਿਸ਼ਾਨੇ ਸਾਧਨੇ ਵੀ ਸ਼ੁਰੂ ਕਰ ਦਿੱਤੇ ਹਨ। ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਵਸਨੀਕਾਂ ਨੇ ਗਲਤ ਵਾਰਡਬੰਦੀ, ਜਾਅਲੀ ਵੋਟਾਂ ਅਤੇ ਪਿੰਡ ਤੋਂ ਦੂਰ ਪੋਲਿੰਗ ਬੂਥ ਬਣਾਉਣ ਅਤੇ ਪੁਰਾਣੇ ਵਾਰਡ ਦੀ ਭੰਨਤੋੜ ਕਰਨ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੁੰਭੜਾ ਦੀ ਵੋਟਰ ਸੂਚੀ ਵਿੱਚ ਮ੍ਰਿਤਕ ਵਿਅਕਤੀਆਂ ਦੇ ਨਾਂ ਦਰਜ ਹਨ। ਇਸ ਤਰ੍ਹਾਂ ਹੁਣ ਮੁਰਦੇ ਵੀ ਕਬਰਾ ’ਚੋਂ ਉੱਠ ਕੇ ਵੋਟ ਪਾਉਣ ਆਉਣਗੇ।? ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਗਏ ਸੀ ਪ੍ਰੰਤੂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਏਡੀਸੀ ਕੋਲ ਦਰਖਾਸਤ ਦੇਣ ਨੂੰ ਕਹਿ ਕੇ ਦਫ਼ਤਰ ’ਚੋਂ ਬਾਹਰ ਤੋਰ ਦਿੱਤਾ। ਜਦੋਂ ਉਹ ਏਡੀਸੀ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਸਰਕਾਰੀ ਰੁਝੇਵਿਆਂ ਦੀ ਦੁਹਾਈ ਦਿੰਦਿਆਂ ਪਿੰਡ ਵਾਸੀਆਂ ਨੂੰ ਦੂਜੇ ਅਧਿਕਾਰੀ ਕੋਲ ਜਾਣ ਲਈ ਕਹਿ ਦਿੱਤਾ। ਜਿਸ ਕਾਰਨ ਗੁੱਸੇ ਵਿੱਚ ਲਾਲ ਪੀਲੇ ਹੋਏ ਪਿੰਡ ਵਾਸੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਪੀੜਤਾਂ ਦੀ ਗੱਲ ਸੁਣਨ ਦਾ ਵੀ ਸਮਾਂ ਨਹੀਂ ਹੈ। ਅਜਿਹੇ ਵਿੱਚ ਇਨਸਾਫ਼ ਲੈਣ ਲਈ ਲੋਕ ਕਿੱਥੇ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਕੁੰਭੜਾ ਦੀ ਗਲਤ ਤਰੀਕੇ ਨਾਲ ਵਾਰਡਬੰਦੀ ਕੀਤੀ ਗਈ ਹੈ ਅਤੇ ਵੋਟਾਂ ਤੋੜਨ ਦੇ ਚੱਕਰ ਵਿੱਚ ਪੁਰਾਣੇ ਵਾਰਡਾਂ ਦਾ ਪੂਰੀ ਤਰ੍ਹਾਂ ਨਕਸ਼ਾ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੰਭੜਾ ਦੀ ਵੋਟਰ ਸੂਚੀ ਵਿੱਚ 50 ਤੋਂ 60 ਅਜਿਹੇ ਵਿਅਕਤੀਆਂ ਦੇ ਨਾਮ ਦਰਜ ਹਨ, ਜੋ 10 ਤੋਂ 15 ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕੇ ਹਨ। ਜਦੋਂਕਿ ਜਿਉਂਦੇ ਬੰਦਿਆਂ ਦੀ ਵੋਟਾਂ ਨਹੀਂ ਬਣ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਕੀ ਹੁਣ ਮੁਰਦੇ ਕਬਰਾ ’ਚੋਂ ਵੋਟ ਪਾਉਣ ਆਉਣਗੇ? ਪਿੰਡ ਵਾਸੀਆਂ ਨੇ ਕਿਹਾ ਕਿ ਵੋਟ ਪਾਉਣ ਲਈ ਆਬਾਦੀ ਤੋਂ ਦੂਰ ਕੁੰਭੜਾ ਦਾ ਪੋਲਿੰਗ ਬੂਥ ਆਰਮੀ ਇੰਸਟੀਚਿਊਟ ਆਫ਼ ਲਾਅ ਵਿੱਚ ਬਣਾਇਆ ਗਿਆ ਹੈ ਜਦੋਂਕਿ ਇਹ ਬੂਥ ਸਰਕਾਰੀ ਸਕੂਲ ਜਾਂ ਹੋਰ ਕਿਸੇ ਸਾਂਝੀ ਥਾਂ ’ਤੇ ਬਣਾਇਆ ਸਕਦਾ ਹੈ। ਪਿੰਡ ਵਾਸੀਆਂ ਨੂੰ ਰੋਸ ਮੁਜ਼ਾਹਰਾ ਕਰਦਿਆਂ ਦੇਖ ਕੇ ਬਾਅਦ ਵਿੱਚ ਉੱਥੋਂ ਲੰਘ ਰਹੇ ਐਸਐਸਪੀ ਸਤਿੰਦਰ ਸਿੰਘ ਦੀ ਮੌਜੂਦਗੀ ਵਿੱਚ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਅਤੇ ਏਡੀਸੀ ਰਾਜੀਵ ਗੁਪਤਾ ਨੇ ਵਾਹਨ ਪਾਰਕਿੰਗ ਵਿੱਚ ਖੜੇ ਹੋ ਕੇ ਧਰਨਾਕਾਰੀਆਂ ਦੀ ਗੱਲ ਸੁਣੀ ਅਤੇ ਨਾਇਬ ਤਹਿਸੀਲਦਾਰ ਨੇ ਪੀੜਤਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ। ਅਧਿਕਾਰੀਆਂ ਨੇ ਸ਼ਿਕਾਇਤਕਰਤਾਵਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਗਰੋਂ ਪਿੰਡ ਵਾਸੀ ਆਪਣੇ ਘਰਾਂ ਨੂੰ ਚਲੇ ਗਏ। ਇਸ ਮੌਕੇ ਨੰਬਰਦਾਰ ਓਂਕਾਰ ਸਿੰਘ, ਦਿਲਬਾਗ ਸਿੰਘ, ਮਨਜੀਤ ਸਿੰਘ, ਲਾਭ ਸਿੰਘ, ਜਗਦੀਸ਼ ਸਿੰਘ, ਸੁੱਚਾ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਬੰਸ ਸਿੰਘ, ਕੁਲਵਿੰਦਰ ਕੌਰ, ਕਰਮਜੀਤ ਕੌਰ, ਜੁਝਾਰ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ