nabaz-e-punjab.com

ਦੋਧੀ ’ਤੇ ਜਾਨਲੇਵਾ ਹਮਲਾ: ਪੈਰੀਫੇਰੀ ਮਿਲਕਮੈਨ ਯੂਨੀਅਨ ਵੱਲੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਯੂਨੀਅਨ ਆਗੂਆਂ ਨੇ ਸੋਹਾਣਾ ਹਸਪਤਾਲ ਵਿੱਚ ਜੇਰੇ ਇਲਾਜ ਜ਼ਖ਼ਮੀ ਦੋਧੀ ਦੀ ਖਬਰ-ਸਾਰ ਪੁੱਛੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਇੱਥੋਂ ਦੇ ਫੇਜ਼ 9 ਵਿਚਲੇ ਐਚਐਲ ਰਿਹਾਇਸ਼ੀ ਬਲਾਕ ਬੁੱਧਵਾਰ ਨੂੰ ਦੋਧੀ ’ਤੇ ਦਿਨ ਦਿਹਾੜੇ ਜਾਨਲੇਵਾ ਹਮਲਾ ਕਰਨ ਦਾ ਮਾਮਲੇ ਵਿੱਚ ਫਿਲਹਾਲ ਸਾਰੇ ਹਮਲਾਵਾਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਸਬੰਧੀ ਵੀਰਵਾਰ ਨੂੰ ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਅਤੇ ਹੋਰਨਾਂ ਆਗੂਆਂ ਨੇ ਸੋਹਾਣਾ ਹਸਪਤਾਲ ਵਿੱਚ ਜੇਰੇ ਇਲਾਜ ਜ਼ਖ਼ਮੀ ਦੋਧੀ ਕਮਲਪ੍ਰੀਤ ਸਿੰਘ ਦੀ ਖਬਰਸਾਰ ਲਈ। ਉਨ੍ਹਾਂ ਨੇ ਦੋਧੀ ਉੱਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਬਲਜਿੰਦਰ ਸਿੰਘ ਭਾਗੋਮਾਜਰਾ ਨੇ ਪਿਛਲੇ ਕਾਫ਼ੀ ਸਮੇਂ ਤੋਂ ਦੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਤੱਕ ਵੱਖ ਵੱਖ ਪਿੰਡਾਂ ਵਿੱਚ ਵੱਡੀ ਮਾਤਰਾ ਵਿੱਚ ਦੁਧਾਰੂ ਪਸ਼ੂ ਚੋਰੀ ਕੀਤੇ ਗਏ ਹਨ ਅਤੇ ਡੇਰਾਬੱਸੀ ਇਲਾਕੇ ਵਿੱਚ ਪਸ਼ੂ ਚੋਰਾਂ ਨੇ ਇਕ ਪਸ਼ੂ ਪਾਲਕ ’ਤੇ ਫਾਇਰਰਿੰਗ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਮੁਹਾਲੀ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਮੌਲੀ, ਗੁਰਜੰਟ ਸਿੰਘ ਪੂਨੀਆ, ਜਸਵੀਰ ਸਿੰਘ ਢਕੋਰਾ, ਸੁਰਿੰਦਰ ਸਿੰਘ ਬਠਿਆਲਾ, ਮਨਜੀਤ ਸਿੰਘ ਸੈਣੀ, ਸੰਤ ਸਿੰਘ ਕੁਰੜੀ, ਜਗੀਰ ਸਿੰਘ ਕੰਬਾਲਾ, ਸਤਪਾਲ ਸਿੰਘ ਸਵਾੜਾ, ਗੁਰਮੇਲ ਸਿੰਘ ਮੌਲੀ, ਦਲਜੀਤ ਸਿੰਘ ਮਨਾਣਾ, ਗੁਰਦੀਪ ਸਿੰਘ ਵੀ ਮੌਜੂਦ ਸਨ।
ਉਧਰ, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੋਟੋਜ਼ ਵੀ ਚੈੱਕ ਕੀਤੀਆਂ ਗਈਆਂ ਹਨ। ਜਿਸ ਵਿੱਚ ਦੇਸ਼ੀ ਪਿਸਤੌਲ ਨਾਲ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਪੁਲੀਸ ਨੇ ਮੌਕੇ ਤੋਂ ਇਕ ਖਾਲੀ ਹੋਲ ਵੀ ਬਰਾਮਦ ਕੀਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੀੜਤ ਦੋਧੀ ਕਮਲਪ੍ਰੀਤ ਸਿੰਘ ਨੂੰ ਰੋਜ਼ਾਨਾ ਵਾਂਗ ਫੇਜ਼-9 ਦੇ ਰਿਹਾਇਸ਼ੀ ਬਲਾਕ ਵਿੱਚ ਆਪਣੇ ਪੱਕੇ ਗਾਹਕਾਂ ਦੇ ਘਰਾਂ ਵਿੱਚ ਦੁੱਧ ਪਾਉਣ ਆਇਆ ਸੀ। ਉਹ ਇਕ ਘਰ ਵਿੱਚ ਦੁੱਧ ਸਪਲਾਈ ਕਰਕੇ ਵਾਪਸ ਮੁੜਨ ਹੀ ਲੱਗਾ ਸੀ ਕਿ ਇਸ ਦੌਰਾਨ ਮੋਟਰ ਸਾਈਕਲ ’ਤੇ ਸਵਾਰ ਤਿੰਨ ਵਿਅਕਤੀ ਉੱਥੇ ਆਏ। ਜਿਨ੍ਹਾਂ ਨੇ ਉਸ ’ਤੇ ਗੰਡਾਸੀ ਨਾਲ ਹਮਲਾ ਕਰ ਦਿੱਤਾ। ਉਸ ਨੇ ਦੁੱਧ ਦੀ ਛੋਟੀ ਡਰੰਮੀ ਨਾਲ ਗੰਡਾਸੀ ਦੇ ਵਾਰ ਤੋਂ ਬਚਨ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਤੇਜ਼ਧਾਰ ਹਥਿਆਰ ਦੇ ਹਮਲੇ ਨਾਲ ਉਸ ਦੇ ਦੋਵੇਂ ਹੱਥ ਜ਼ਖ਼ਮੀ ਹੋ ਗਏ। ਏਨੇ ’ਚ ਇਕ ਹਮਲਾਵਰ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਉਸ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ। ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਇਸ ਮਗਰੋਂ ਹਮਲਾਵਰ ਲਲਕਾਰੇ ਮਾਰਦੇ ਹੋਏ ਉੱਥੋਂ ਫਰਾਰ ਹੋ ਗਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…