Nabaz-e-punjab.com

ਹੱਤਿਆ ਮਾਮਲੇ ਦੇ ਮੁੱਖ ਗਵਾਹ ’ਤੇ ਜਾਨਲੇਵਾ ਹਮਲਾ, ਦੋਸ਼ੀ ਨੇ ਘਰ ਦੇ ਬਾਹਰ ਮਾਰੀਆਂ ਤਿੰਨ ਗੋਲੀਆਂ

ਗਵਾਹ ਦੇ ਮੋਢੇ, ਸੱਜੀ ਵੱਖੀ ਤੇ ਲੱਤ ’ਤੇ ਲੱਗੀਆਂ ਗੋਲੀਆਂ, ਹਾਲਤ ਗੰਭੀਰ ਹਾਲਤ, ਫੋਰਟਿਸ ਹਸਪਤਾਲ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਕਰੀਬ ਚਾਰ ਸਾਲ ਪੁਰਾਣੇ ਨੌਜਵਾਨ ਦੀ ਹੱਤਿਆ ਮਾਮਲੇ ਦੇ ਮੁੱਖ ਗਵਾਹ ਬੀਰ ਸਿੰਘ (55) ਨੂੰ ਅੱਜ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਕਤ ਹੱਤਿਆ ਮਾਮਲੇ ਦੇ ਨਾਮਜ਼ਦ ਮੁੱਖ ਮੁਲਜ਼ਮ ਐਨਆਰਆਈ ਨੌਜਵਾਨ ਮਨੀਸ ਪ੍ਰਭਾਕਰ ਨੇ ਆਪਣੇ ਸਾਥੀਆਂ ਮਿਲ ਕੇ ਪਹਿਲਾਂ ਗਵਾਹ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਕਾਫੀ ਡਰਾਇਆ ਧਮਕਾਇਆ ਅਤੇ ਲੱਖਾਂ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਪ੍ਰੰਤੂ ਬੀਰ ਸਿੰਘ ਮੁੱਖ ਗਵਾਹ ਵਜੋਂ ਗਵਾਹੀ ਦੇਣ ’ਤੇ ਅੜਿਆ ਰਿਹਾ। ਜਿਸ ਕਾਰਨ ਮਨੀਸ਼ ਨੇ ਬੀਰ ਸਿੰਘ ਉੱਤੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ। ਗਵਾਹ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਇਕ ਗੋਲੀ ਮੋਢੇ ’ਤੇ, ਇਕ ਸੱਜੀ ਵੱਖੀ ਅਤੇ ਤੀਜੀ ਗੋਲੀ ਲੱਤ ਉੱਤੇ ਲੱਗੀ ਹੈ। ਜਿਸ ਕਾਰਨ ਗਵਾਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਲਲਕਾਰੇ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾਕ੍ਰਮ ਕਾਰਨ ਕੁੰਭੜਾ ਵਿੱਚ ਦਹਿਸ਼ਤ ਫੈਲ ਗਈ ਹੈ।
ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਐਨਆਰਆਈ ਨੌਜਵਾਨ ਮਨੀਸ਼ ਪ੍ਰਭਾਕਰ ਅਤੇ ਉਸ ਦੇ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ 10 ਅਕਤੂਬਰ 2015 ਨੂੰ ਨਸ਼ੇ ਵਿੱਚ ਧੁੱਤ ਪਰਵਾਸੀ ਪੰਜਾਬੀ ਮਨੀਸ਼ ਪ੍ਰਭਾਕਰ ਨੇ ਆਪਣੇ ਦੋਸਤ ਹਰਪ੍ਰੀਤ ਸਿੰਘ (26) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਪਿੱਪਲੀ, ਜ਼ਿਲ੍ਹਾ ਬਰਨਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਹ ਆਪੋ ਆਪਣੇ ਘਰਾਂ ਤੋਂ ਘੁੰਮਣ ਫਿਰਨ ਲਈ ਚੰਡੀਗੜ੍ਹ ਤੇ ਹੋਰ ਥਾਵਾਂ ਦੀ ਸੈਰ ’ਤੇ ਨਿਕਲੇ ਸੀ। ਘਟਨਾ ਵਾਲੇ ਦਿਨ ਕੁੰਭੜਾ ਚੌਕ ’ਤੇ ਦੁਪਹਿਰ ਵੇਲੇ ਸੜਕ ਕਿਨਾਰੇ ਚੀਨੀ ਦੇ ਬਰਤਨ ਵੇਚਣ ਵਾਲੇ ਬੀਰ ਸਿੰਘ ਦੇ ਮੰਜੇ ’ਤੇ ਬੈਠੇ ਚਾਰ ਨੌਜਵਾਨ ਅਚਾਨਕ ਆਪਸ ਵਿੱਚ ਖਹਿਬੜ ਪਏ ਸੀ। ਇਸ ਦੌਰਾਨ ਐਨਆਰਆਈ ਮੁਨੀਸ਼ ਪ੍ਰਭਾਕਰ (26) ਵਾਸੀ ਪ੍ਰੇਮ ਨਗਰ ਬਰਨਾਲਾ ਨੇ ਦੇਸ਼ੀ ਪਿਸਤੌਲ ਨਾਲ ਹਰਪ੍ਰੀਤ ਦੀ ਪੁੜਪੁੜੀ ਵਿੱਚ ਗੋਲੀ ਮਾਰ ਦਿੱਤੀ ਸੀ। ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਸੀ।
ਇਸ ਸਬੰਧੀ ਪੁਲੀਸ ਨੇ ਮੌਕੇ ਦੇ ਗਵਾਹ ਬੀਰ ਸਿੰਘ ਵਾਸੀ ਕੁੰਭੜਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੁਨੀਸ਼ ਪ੍ਰਭਾਕਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਥਾਣਾ ਫੇਜ਼-8 ਵਿੱਚ ਆਈਪੀਸੀ ਦੀ ਧਾਰਾ 302 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਹੈ। ਹਾਲਾਂਕਿ ਹੱਤਿਆ ਕਾਂਡ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਲੇਕਿਨ ਬਾਅਦ ਵਿੱਚ ਉਹ ਜ਼ਮਾਨਤ ’ਤੇ ਰਿਹਾਅ ਹੋ ਗਏ। ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਹੋ ਚੁੱਕਾ ਹੈ ਅਤੇ ਮੌਕੇ ਸਮੇਂ ਵਿੱਚ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ।
ਬੀਰ ਸਿੰਘ ਦੀ ਪਤਨੀ ਸੀਤਾ ਦੇਵੀ ਅਤੇ ਬੇਟੇ ਕਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਕੁ ਵਜੇ ਦੋ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ। ਜਿਨ੍ਹਾਂ ਨੇ ਬੀਰ ਸਿੰਘ ਨੂੰ ਘਰ ਤੋਂ ਬਾਹਰ ਸੱਦਿਆ ਅਤੇ ਆਪਸ ਵਿੱਚ ਗੱਲ ਕਰਨ ਲੱਗ ਪਏ। ਇਸ ਦੌਰਾਨ ਹਮਲਾਵਰਾਂ ਨੇ ਬੀਰ ਸਿੰਘ ਨੂੰ ਉਨ੍ਹਾਂ ਦੇ ਖ਼ਿਲਾਫ਼ ਅਦਾਲਤ ਵਿੱਚ ਗਵਾਹੀ ਨਾ ਦੇਣ ਲਈ ਧਮਕਾਇਆ। ਲੰਘੀ ਰਾਤ ਵੀ ਹਮਲਾਵਰਾਂ ਨੇ ਉਸ ਨੂੰ ਮਿਲ ਕੇ ਗਵਾਹੀ ਨਾ ਦੇਣ ਲਈ ਪੈਸਿਆਂ ਦਾ ਲਾਲਚ ਦਿੱਤਾ ਸੀ। ਬੀਰ ਨੇ ਮੁਲਜ਼ਮਾਂ ਨੂੰ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਉਸ ਦਾ ਜ਼ਮੀਰ ਨਹੀਂ ਮੰਨਦਾ ਕਿ ਉਹ ਆਪਣੇ ਬਿਆਨਾਂ ਤੋਂ ਮੁੱਕਰ ਜਾਵੇ। ਇਸ ਲਈ ਉਨ੍ਹਾਂ (ਮੁਲਜ਼ਮਾਂ) ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਮਿਲ ਕੇ ਰਹੇਗੀ। ਜਦੋਂ ਬੀਰ ਸਿੰਘ ਨੇ ਮੁਲਜ਼ਮਾਂ ਦੀ ਗੱਲ ਨਹੀਂ ਮੰਨੀ ਤਾਂ ਅੱਜ ਉਨ੍ਹਾਂ ਨੇ ਮੁੱਖ ਗਵਾਹ ਨੂੰ ਵੀ ਮੌਤ ਦੇ ਘਾਟ ਉਤਾਰਨ ਦੀ ਨੀਅਤ ਨਾਲ ਉਸ ’ਤੇ ਫਾਇਰਿੰਗ ਕਰ ਦਿੱਤੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …