ਕਾਰੋਬਾਰੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ, ਕਤਲ ਜਾਂ ਖ਼ੁਦਕੁਸ਼ੀ?

ਪੁੜਪੁੜੀ ਵਿੱਚ ਗੋਲੀ ਲੱਗਣ ਨਾਲ ਹੋਈ ਨੌਜਵਾਨ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਇੱਥੋਂ ਦੇ ਸੈਕਟਰ-67 ਸਥਿਤ ਮਾਰਕੀਟ ਨੇੜੇ ਕਰੇਟਾ ਕਾਰ ’ਚੋਂ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਕਰਨਪਾਲ ਸ਼ਰਮਾ (25) ਵਾਸੀ ਜਲਵਾਯੂ ਟਾਵਰ ਵਜੋਂ ਹੋਈ ਹੈ। ਪਿੱਛੋਂ ਇਹ ਪਰਿਵਾਰ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਸਾਲ ਕੁ ਪਹਿਲਾਂ ਮੁਹਾਲੀ ਆ ਕੇ ਰਹਿਣ ਲੱਗੇ ਸੀ। ਕਰਨਪਾਲ ਆਪਣੇ ਪਿਤਾ ਨਾਲ ਟਰੱਕਾਂ\ਕਾਰਾਂ ਦੀ ਖ਼ਰੀਦ ਵੇਚ ਦਾ ਕਾਰੋਬਾਰ ਕਰਦਾ ਸੀ। ਕਰਨਪਾਲ ਕਾਰ ਦੀ ਡਰਾਈਵਰ ਸੀਟ ’ਤੇ ਬੈਠਾ ਹੋਇਆ ਸੀ ਅਤੇ ਉਸ ਦੀ ਪੁੜਪੁੜੀ ਵਿੱਚ ਗੋਲੀ ਲੱਗੀ ਹੋਈ ਸੀ। ਗੋਲੀ ਉਸਦੇ ਸਿਰ ਦੇ ਆਰਪਾਰ ਹੋ ਗਈ ਸੀ। ਮ੍ਰਿਤਕ ਦੇ ਹੱਥ ਵਿੱਚ .32 ਬੋਰ ਦਾ ਪਿਸਤੌਲ ਫੜਿਆ ਹੋਇਆ ਸੀ।
ਅੱਜ ਸਵੇਰੇ ਸੂਚਨਾ ਮਿਲਦੇ ਹੀ ਮੁਹਾਲੀ ਦੇ ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ ਅਤੇ ਥਾਣਾ ਫੇਜ਼-11 ਦੇ ਐਸਐਚਓ ਗਗਨਦੀਪ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਦੀ ਫੋਰੈਂਸਿਕ ਟੀਮ ਨੂੰ ਵੀ ਮੌਕੇ ਸੱਦਿਆ ਗਿਆ। ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ ਹੈ। ਪੁਲੀਸ ਦੀ ਨਜ਼ਰ ਵਿੱਚ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਪ੍ਰੰਤੂ ਮ੍ਰਿਤਕ ਨੌਜਵਾਨਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਕਰਨਪਾਲ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਘਟਨਾ ਲੰਘੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ ਪ੍ਰੰਤੂ ਸੈਕਟਰ ਵਾਸੀਆਂ ਨੇ ਅੱਜ ਸਵੇਰੇ ਘਰ ਨੇੜੇ ਹੀ ਕਾਰ ਵਿੱਚ ਨੌਜਵਾਨ ਦੀ ਲਾਸ਼ ਦੇਖੀ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ।
ਇਸ ਦੌਰਾਨ ਮ੍ਰਿਤਕ ਕਰਨਪਾਲ ਦਾ ਵੱਡਾ ਭਰਾ ਆਪਣੀ ਪਤਨੀ ਨੂੰ ਫੇਜ਼-9 ਵਿੱਚ ਛੱਡਣ ਜਾ ਰਿਹਾ ਸੀ। ਰਸਤੇ ਵਿੱਚ ਲੋਕਾਂ ਦੀ ਭੀੜ ਦੇਖ ਕੇ ਉਸ ਨੇ ਕਾਰ ਰੋਕ ਲਈ, ਜਦੋਂ ਉਹ ਕਾਰ ਤੋਂ ਥੱਲੇ ਉਤਰ ਕੇ ਮੌਕੇ ’ਤੇ ਪੁੱਜਾ ਤਾਂ ਆਪਣੇ ਛੋਟੇ ਭਰਾ ਦੀ ਕਾਰ ਪਛਾਣ ਲਈ ਅਤੇ ਡਰਾਈਵਰ ਸੀਟ ’ਤੇ ਕਰਨਪਾਲ ਦੀ ਲਾਸ਼ ਦੇਖ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਸ ਨੇ ਤੁਰੰਤ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ।
ਮਿਲੀ ਜਾਣਕਾਰੀ ਅਨੁਸਾਰ ਕਰਨਪਾਲ ਆਪਣੇ ਪਿਤਾ ਸੁਰਿੰਦਰ ਕੁਮਾਰ ਨਾਲ ਰਾਜਪੁਰਾ ਵਿੱਚ ਟਰੱਕਾਂ ਅਤੇ ਕਾਰਾਂ ਦੀ ਵੇਚ ਖਰੀਦ ਦਾ ਕੰਮ ਕਰਦਾ ਸੀ ਅਤੇ ਬੀਤੇ ਕੱਲ੍ਹ ਉਸ ਦਾ ਜਨਮ ਦਿਨ ਸੀ। ਲੰਘੀ ਰਾਤ ਉਨ੍ਹਾਂ ਨੇ ਖਾਲਸਾ ਢਾਬਾ ਖਰੜ ਵਿਖੇ ਕਰਨਪਾਲ ਦਾ ਜਨਮ ਦਿਨ ਮਨਾਇਆ ਸੀ ਅਤੇ ਰਾਤ 10 ਵਜੇ ਸਾਰੇ ਵਾਪਸ ਘਰ ਪਰਤ ਗਏ ਸੀ। ਲੇਕਿਨ ਰਾਤ 11 ਵਜੇ ਕਰਨਪਾਲ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਸਦੇ ਦੋਸਤ ਪਾਰਟੀ ਮੰਗ ਰਹੇ ਹਨ। ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਸੈਕਟਰ-67 ਵਿੱਚ ਰਿਹਾਇਸ਼ ਹੈ ਅਤੇ ਉਹ ਵਪਾਰੀ ਹਨ। ਉਨ੍ਹਾਂ ਦੇ ਦੋ ਪੁੱਤਰ ਹਨ। ਉਨ੍ਹਾਂ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਉਨ੍ਹਾਂ ਦੀ ਕਰਨਪਾਲ ਨਾਲ ਫੋਨ ’ਤੇ ਗੱਲ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਅੱਧੇ ਘੰਟੇ ਵਿੱਚ ਘਰ ਪਹੁੰਚ ਜਾਵੇਗਾ ਪਰ ਪੂਰੀ ਰਾਤ ਉਹ ਘਰ ਨਹੀਂ ਆਇਆ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਕੋਲ ਵੀ ਲਾਇਸੈਂਸੀ ਹਥਿਆਰ ਨਹੀਂ ਹੈ। ਬੀਤੇ ਦਿਨ ਤੋਂ ਉਸ ਦਾ ਲੜਕਾ ਕਾਫ਼ੀ ਪ੍ਰੇਸ਼ਾਨ ਜਾਪਦਾ ਸੀ, ਉਸ ਨੂੰ ਧਮਕੀ ਭਰੇ ਫੋਨ ਆ ਰਹੇ ਸਨ। ਉਨ੍ਹਾਂ ਕਿਹਾ ਕਿ ਕਰਨਪਾਲ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ ਸਗੋਂ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।
ਉਧਰ, ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਕਰਨਪਾਲ ਦੀ ਲਾਸ਼ ਉਸ ਦੀ ਹੁੰਡਈ ਕਰੇਟਾ ਕਾਰ ’ਚੋਂ ਅੱਜ ਸਵੇਰੇ ਕਰੀਬ 6 ਵਜੇ ਉਨ੍ਹਾਂ ਦੀ ਰਿਹਾਇਸ਼ ਨੇੜਿਓਂ ਮਿਲੀ ਸੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਜਾਂਚ ਦੌਰਾਨ ਪਾਇਆ ਗਿਆ ਕਿ ਉਸ ਦੇ ਸਿਰ ਦੇ ਸੱਜੇ ਪਾਸੇ ਗੋਲੀ ਲੱਗਣ ਦਾ ਜ਼ਖ਼ਮ ਹੈ। ਜਿਸ ਪਿਸਤੌਲ ਤੋਂ ਗੋਲੀ ਚਲੀ ਸੀ, ਉਹ ਉਸਦੇ ਸੱਜੇ ਹੱਥ ਤੋਂ ਬਰਾਮਦ ਕੀਤਾ ਗਿਆ। ਫੋਰੈਂਸਿਕ ਟੀਮ ਦੀ ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਗੋਲੀ ਪੁਆਇੰਟ ਬਲੈਂਕ ਰੇਂਜ ਤੋਂ ਚੱਲੀ ਹੈ ਅਤੇ ਜਿਸ ਸੱਜੇ ਹੱਥ ਨਾਲ ਹਥਿਆਰ ਫੜਿਆ ਹੋਇਆ ਸੀ, ਉਸ ਵਿੱਚ ਗੋਲੀ ਚੱਲਣ ਨਾਲ ਪੈਦਾ ਹੋਈ ਰਹਿੰਦ-ਖੂੰਹਦ ਵੀ ਪਾਈ ਗਈ ਹੈ। ਜਿਸ ਤੋਂ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ।
ਐਸਐਸਪੀ ਸੋਨੀ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੀ ਸੱਜੀ ਜੇਬ ’ਚੋਂ 9 ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਫੇਜ਼-11 ਥਾਣਾ ਵਿਖੇ ਧਾਰਾ 306 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …