ਮੁਹਾਲੀ ਵਿੱਚ ਸਾਈਕਲ ਚਲਾ ਰਹੇ ਬੱਚੇ ਦੀ ਟਰੱਕ ਨੇ ਕੂਚਲਿਆ, ਮੌਕੇ ’ਤੇ ਹੀ ਮੌਤ

ਰੋਹ ਵਿੱਚ ਆਏ ਕਲੋਨੀ ਦੇ ਵਸਨੀਕਾਂ ਨੇ ਕੀਤਾ ਪਥਰਾਓ, ਟਰੱਕ ਯੂਨੀਅਨ ਦਫ਼ਤਰ ਅਤੇ ਕਈ ਟਰੱਕਾਂ ਦੇ ਸ਼ੀਸ਼ੇ ਤੋੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਅੱਜ ਸਵੇਰੇ ਮੁਹਾਲੀ ਟਰੱਕ ਯੂਨੀਅਨ ਵਿੱਚ ਨੇੜੇ ਵਸਦੀ ਝੁੱਗੀ ਕਾਲੋਨੀ ਦੇ ਇੱਕ ਬੱਚੇ ਦੀ ਟਰੱਕ ਹੇਠ ਆਉਣ ਨਾਲ ਹੋਈ ਮੌਤ ਤੋੱ ਰੋਹ ਵਿੱਚ ਆਏ ਝੁੱਗੀ ਕਾਲੋਨੀ ਦੇ ਵਸਨੀਕਾਂ ਨੇ ਟਰੱਕ ਯੂਨੀਅਨ ਤੇ ਪਥਰਾਓ ਕਰ ਦਿੱਤਾ। ਇਸ ਮੌਕੇ ਟਰੱਕ ਯੂਨੀਅਨ ਵਾਲਿਆਂ ਵੱਲੋਂ ਵੀ ਜਵਾਬ ਵਿੱਚ ਪਥਰਾਓ ਕੀਤਾ ਗਿਆ ਅਤੇ ਉੱਥੇ ਦੰਗੇ ਵਰਗੇ ਹਾਲਾਤ ਪੈਦਾ ਹੋ ਗਏ। ਇਸ ਮੌਕੇ ਉੱਥੇ ਪੁਲੀਸ ਫੋਰਸ ਵੀ ਮੌਜੂਦ ਸੀ ਅਤੇ ਇਹ ਸਾਰਾ ਕੁੱਝ ਪੁਲੀਸ ਦੀ ਮੌਜੂਦਗੀ ਵਿੱਚ ਹੀ ਵਾਪਰਿਆ। ਕੁੱਝ ਸਮਾਂ ਬਾਅਦ ਮੌਕੇ ਤੇ ਐਸਪੀ ਸਿਟੀ ਜਗਜੀਤ ਸਿੰਘ ਜੱਲਾ ਦੀ ਅਗਵਾਈ ਵਿੱਚ ਪਹੁੰਚੀ ਪੁਲੀਸ ਫੋਰਸ ਵਲੋੱ ਕਿਸੇ ਤਰ੍ਹਾਂ ਮੌਕਾ ਸੰਭਾਲਿਆ ਗਿਆ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਦੇ ਬਿਲਕੁਲ ਨਾਲ ਬਣੀਆਂ ਝੁੱਗੀਆਂ ਵਿੱਚ ਰਹਿਣ ਵਾਲਾ ਸ਼ਿਵਮ ਨਾਮ ਦਾ ਇੱਕ ਬੱਚਾ (ਉਮਰ 14 ਸਾਲ) ਸਵੇਰੇ 10:30 ਵਜੇ ਦੇ ਕਰੀਬ ਟਰੱਕ ਯੂਨੀਅਨ ਦੇ ਅੰਦਰ ਸਾਇਕਲ ਚਲਾ ਰਿਹਾ ਸੀ। ਇਸ ਦੌਰਾਨ ਯੂਨੀਅਨ ਦੇ ਅੰਦਰੋਂ ਨਿਕਲ ਰਹੇ ਇੱਕ ਟਰੱਕ ਨੇ ਇਸ ਬੱਚੇ ਨੂੰ ਦਰੜ ਦਿੱਤਾ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਝੁੱਗੀਆਂ ਵਾਲੇ ਇੱਕਠੇ ਹੋ ਗਏ ਅਤੇ ਟਰੱਕ ਅਤੇ ਡ੍ਰਾਈਵਰ ਨੂੰ ਮੌਕੇ ਤੇ ਬੁਲਾਉਣ ਦੀ ਜਿੱਦ ਕਰਨ ਲੱਗ ਗਏ। ਇਸ ਦੌਰਾਨ ਮੌਕੇ ਤੇ ਪੀਸੀਆਰ ਅਤੇ ਫੇਜ਼-6 ਹਸਪਤਾਲ ਚੌਂਕੀ ਦੇ ਮੁਲਾਜ਼ਮ ਵੀ ਪਹੁੰਚ ਗਏ। ਪਰ ਬੱਚੇ ਦੇ ਪਰਿਵਾਰ ਵਾਲੇ ਇਸ ਗੱਲ ਤੇ ਅੜ੍ਹੇ ਰਹੇ ਕਿ ਜਦੋੱ ਤੱਕ ਟਰੱਕ ਦਾ ਮਾਲਿਕ ਤੇ ਡਰਾਈਵਰ ਮੌਕੇ ਤੇ ਨਹੀਂ ਆਉਂਦੇ, ਉਹ ਬੱਚੇ ਦੀ ਲਾਸ਼ ਨਹੀਂ ਚੁਕਣ ਦੇਣਗੇ।
ਇਸ ਦੌਰਾਨ ਅਚਾਨਕ ਮਾਹੌਲ ਖਰਾਬ ਹੋ ਗਿਆ ਅਤੇ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਵੱਲ ਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਪੱਥਰਬਾਜ਼ੀ ਦੌਰਾਨ ਕੁੱਝ ਵਿਅਕਤੀਆਂ ਦੇ ਸੱਟਾਂ ਵੀ ਲੱਗੀਆਂ ਅਤੇ ਯੂਨੀਅਨ ਵਿੱਚ ਖੜ੍ਹੇ ਕਈ ਟਰੱਕਾਂ ਅਤੇ ਟਰੱਕ ਯੂਨੀਅਨ ਦੇ ਦਫ਼ਤਰ ਦੇ ਸ਼ੀਸ਼ੇ ਟੁੱਟ ਗਏ। ਇਸ ਦੌਰਾਨ ਪੁਲੀਸ ਉੱਥੇ ਬੇਬਸ ਹੋ ਕੇ ਇੱਕ ਪਾਸੇ ਖੜ੍ਹੀ ਰਹੀ ਜਦੋਂਕਿ ਦੋਵੇਂ ਧਿਰਾਂ ਲਗਭਗ 15 ਮਿਨਟ ਤਕ ਇੱਕ ਦੂਜੇ ਦੇ ਖ਼ਿਲਾਫ਼ ਪਥਰਾਓ ਕਰਦੀਆਂ ਰਹੀਆਂ। ਬਾਅਦ ਵਿੱਚ ਐਸ ਪੀ ਸਿਟੀ ਸ੍ਰ ਜਗਜੀਤ ਸਿੰਘ ਜੱਲਾ ਦੀ ਅਗਵਾਈ ਵਿੱਚ ਪਹੁੰਚੀ ਪੁਲੀਸ ਫੋਰਸ ਵੱਲੋਂ ਮੌਕਾ ਸਾਂਭਿਆ ਗਿਆ ਅਤੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ।
ਐਸਪੀ ਸਿਟੀ ਜਗਜੀਤ ਸਿੰਘ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਟਰੱਕ ਦੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਬੱਚੇ ਦੀ ਮ੍ਰਿਤਕ ਦੇਹ ਨੂੰ ਫੇਜ਼-6 ਦੇ ਸਿਵਲ ਹਸਪਤਾਲ ਭਿਜਵਾਇਆ ਗਿਆ ਹੈ ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…