Nabazepunjab

ਮੁਹਾਲੀ ਦੀ ਫੈਕਟਰੀ ਵਿੱਚ ਕਾਰੋਬਾਰੀ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਮੌਤ

ਮ੍ਰਿਤਕ ਦੀ ਪਤਨੀ ਬਬੀਤਾ ਰਾਣੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਇੱਥੋਂ ਦੇ ਉਦਯੋਗਿਕ ਖੇਤਰ ਫੇਜ਼-1 ਸਥਿਤ ਲੋਹੇ ਦੀ ਫੈਕਟਰੀ ਵਿੱਚ ਵੀਰਵਾਰ ਨੂੰ ਇੱਕ ਕਾਰੋਬਾਰੀ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਗਿੰਦਰ ਕੁਮਾਰ (37) ਵਾਸੀ ਆਦਰਸ਼ ਕਲੋਨੀ ਬਲੌਂਗੀ ਵਜੋਂ ਹੋਈ ਹੈ। ਉਂਜ ਪਿੱਛੋਂ ਉਹ ਯੂਪੀ ਦਾ ਰਹਿਣ ਵਾਲਾ ਹੈ। ਨਗਿੰਦਰ ਪਿਛਲੇ ਛੇ ਸਾਲਾਂ ਤੋਂ ਬਲੌਂਗੀ ਵਿੱਚ ਆਪਣੀ ਪਤਨੀ ਬਬੀਤਾ ਰਾਣੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਨਗਿੰਦਰ ਦਾ ਸ਼ਟਰਿੰਗ ਦਾ ਕੰਮ ਹੈ। ਉਂਜ ਉਹ ਗੇਟ ਗਰਿੱਲਾਂ ਅਤੇ ਸ਼ਰਟ ਵਗੈਰਾ ਬਣਾਉਣ ਦਾ ਕੰਮ ਵੀ ਕਰਦਾ ਸੀ ਅਤੇ ਅਕਸਰ ਉਕਤ ਫੈਕਟਰੀ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ।
ਹਾਲਾਂਕਿ ਪੁਲੀਸ ਇਸ ਹਾਦਸੇ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ। ਪੁਲੀਸ ਦਾ ਮੰਨਣਾ ਹੈ ਕਿ ਨਗਿੰਦਰ ਨੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾਈ ਗਈ ਹੈ। ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ, ਪ੍ਰੰਤੂ ਮ੍ਰਿਤਕ ਦੀ ਪਤਨੀ ਬਬੀਤ ਰਾਣੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕੀਤੀ ਹੈ। ਪਤਨੀ ਨੇ ਸੱਚ ਜਾਣਨ ਲਈ ਇਸ ਸਮੁੱਚੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਨਗਿੰਦਰ ਕੁਮਾਰ ਅੱਜ ਸਵੇਰੇ ਕਰੀਬ ਅੱਠ ਕੁ ਵਜੇ ਆਪਣੇ ਐਕਟਿਵਾ ’ਤੇ ਫੈਕਟਰੀ ਵਿੱਚ ਕੋਈ ਕੰਮ ਆਇਆ ਸੀ। ਫੈਕਟਰੀ ਮਾਲਕ ਹਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਨੌਕਰ ਸਵੇਰੇ ਸਾਢੇ ਅੱਠ ਵਜੇ ਫੈਕਟਰੀ ਵਿੱਚ ਆਇਆ ਸੀ। ਉਸ ਨੇ ਆਪਣਾ ਮੋਟਰ ਸਾਈਕਲ ਖੜਾ ਕੀਤਾ ਤਾਂ ਦੇਖਿਆ ਕਿ ਇੱਕ ਵਿਅਕਤੀ ਅੱਗ ਨਾਲ ਸੜ ਰਿਹਾ ਸੀ। ਨੌਕਰ ਨੇ ਤੁਰੰਤ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਲੇਕਿਨ ਅੱਗ ਲੱਗੀ ਹੋਈ ਸੀ। ਉਸ ਨੇ ਘਟਨਾ ਸਬੰਧੀ ਪੁਲੀਸ ਨੂੰ ਜਾਣਕਾਰੀ ਦੇਣ ਲਈ 100 ਨੰਬਰ ’ਤੇ ਫੋਨ ਕੀਤਾ ਪਰ ਨੰਬਰ ਨਹੀਂ ਲੱਗਿਆ। ਇਸ ਮਗਰੋਂ ਉਸ ਨੇ 112 ਨੰਬਰ ’ਤੇ ਵੀ ਕਈ ਵਾਰ ਫੋਨ ਕੀਤਾ ਪ੍ਰੰਤੂ ਇਸ ਨੰਬਰ ’ਤੇ ਕਿਸੇ ਨਾਲ ਤਾਲਮੇਲ ਨਹੀਂ ਹੋਇਆ। ਇਸ ਤੋਂ ਬਾਅਦ ਉਸ ਨੇ ਆਪਣੇ ਇੱਕ ਜਾਣਕਾਰ ਪੁਲੀਸ ਮੁਲਾਜ਼ਮ ਨਾਲ ਸੰਪਰਕ ਕੀਤਾ। ਉਪਰੰਤ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਮੌਕੇ ’ਤੇ ਮੌਜੂਦ ਮ੍ਰਿਤਕ ਨਗਿੰਦਰ ਦੇ ਗੁਆਂਢੀ ਅਤੇ ਬਲੌਂਗੀ ਵਿੱਚ ਕਰਿਆਣਾ ਦੀ ਦੁਕਾਨ ਕਰਦੇ ਉਪਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਨਗਿੰਦਰ ਉਸ ਕੋਲ ਆਇਆ ਸੀ ਅਤੇ ਉਸ ਨੂੰ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ। ਨਗਿੰਦਰ ਨੇ ਉਸ ਤੋਂ ਕਈ ਮਹੀਨੇ ਪਹਿਲਾਂ ਲੱਖ ਰੁਪਏ ਉਧਾਰ ਲਏ ਸੀ। ਘਟਨਾ ਸਥਾਨ ’ਤੇ ਮ੍ਰਿਤਕ ਨੇ ਆਪਣੇ ਹੱਥ ਨਾਲ ਮਿੱਟੀ ਵਿੱਚ ਕੁਝ ਰਕਮਾਂ ਵੀ ਲਿਖੀਆਂ ਹੋਈਆਂ ਸਨ। ਪੁਲੀਸ ਦਾ ਮੰਨਣਾ ਹੈ ਕਿ ਸ਼ਾਇਦ ਉਸ ਨੇ ਪੈਸਿਆਂ ਦੇ ਲੈਣ ਦੇਣ ਦੇ ਚੱਕਰ ਵਿੱਚ ਆਤਮ ਹੱਤਿਆ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਨਗਿੰਦਰ ਨੇ ਮਰਨ ਤੋਂ ਪਹਿਲਾਂ ਆਪਣੇ ਕਿਸੇ ਦੋਸਤ ਨਾਲ ਫੋਨ ’ਤੇ ਗੱਲ ਵੀ ਕੀਤੀ ਸੀ। ਦੋਸਤ ਅਤੁਲ ਕੁਮਾਰ ਦਾ ਕਹਿਣਾ ਹੈ ਕਿ ਉਹ ਬਨੂੜ ਜਾਣ ਵੇਲੇ ਮੁਹਾਲੀ ਆਇਆ ਸੀ ਤਾਂ ਇੱਥੇ ਆ ਕੇ ਦੇਖਿਆ ਕਿ ਨਗਿੰਦਰ ਦੀ ਮੌਤ ਹੋ ਚੁੱਕੀ ਸੀ।
ਉਧਰ, ਥਾਣਾ ਫੇਜ਼-1 ਦੇ ਐਸਐਚਓ ਗੁਰਬੰਤ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਉਦੋਂ ਕਾਰੋਬਾਰੀ ਦਾ ਸਰੀਰ ਪੂਰੀ ਤਰ੍ਹਾਂ ਸੜ ਚੁੱਕਾ ਸੀ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇੰਝ ਜਾਪਦਾ ਹੈ ਕਿ ਨਗਿੰਦਰ ਕੁਮਾਰ ਨੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਫੌਰੈਂਸਿਕ ਟੀਮ ਵੱਲੋਂ ਘਟਨਾ ਸਥਾਨ ਤੋਂ ਮਿੱਟੀ ਅਤੇ ਤੇਲ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਨੂੰ ਜਾਂਚ ਲਈ ਫੌਰੈਂਸਿਕ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੱਕ ਦੂਰ ਕਰਨ ਅਤੇ ਮਾਮਲੇ ਦੀ ਤੈਅ ਤੱਕ ਜਾਣ ਲਈ ਲਾਸ਼ ਦਾ ਭਲਕੇ 4 ਜਨਵਰੀ ਨੂੰ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਬੋਰਡ ਤੋਂ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …