ਪਿੰਡ ਸੋਹਾਣਾ ਵਿੱਚ ਰਹਿੰਦੀ ਨੌਜਵਾਨ ਲੜਕੀ ਦੀ ਭੇਤਭਰੀ ਹਾਲਤ ਵਿੱਚ ਮੌਤ

ਲੜਕੀ ਨਾਲ ਰਹਿੰਦੇ ਨੌਜਵਾਨ ਨੂੰ ਪੁਲੀਸ ਨੇ ਪੁੱਛ ਗਿੱਛ ਲਈ ਹਿਰਾਸਤ ਵਿੱਚ ਲਿਆ, ਬਿਆਨ ਦਰਜ ਕਰਨ ਮਗਰੋਂ ਕੀਤਾ ਰਿਹਾਅ

ਨੌਜਵਾਨ ਵੱਲੋਂ ਲੜਕੀ ਨੂੰ ਘਰੋਂ ਭਜਾ ਕੇ ਲਿਜਾਣ ਦੇ ਦੋਸ਼ ਰੱਦ, ਕਿਹਾ ਇਲਾਹਾਬਾਦ ਕੋਰਟ ਵਿੱਚ ਵਿਆਹ ਕਰਵਾਉਣ ਮਗਰੋਂ ਰਹਿੰਦੇ ਸੀ ਇਕੱਠੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਨੌਜਵਾਨ ਲੜਕੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਉਹ ਪਿਛਲੇ ਕੁੱਝ ਸਮੇਂ ਤੋਂ ਇੱਥੇ ਆਪਣੇ ਪ੍ਰੇਮੀ ਅਜੇ ਕੁਮਾਰ ਨਾਲ ਰਹਿ ਰਹੀ ਸੀ। ਲੜਕੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਮਾਪੇ ਸੈਂਟਰਲ ਥਾਣਾ ਫੇਜ਼-8 ਵਿੱਚ ਪਹੁੰਚ ਗਏ ਅਤੇ ਅਜੇ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਨ ਲੱਗੇ ਪਏ। ਜਿਥੇ ਪੁਲੀਸ ਕਰਮਚਾਰੀਆਂ ਨੇ ਮਾਪਿਆਂ ਨੂੰ ਦੱਸਿਆ ਕਿ ਇਹ ਕੇਸ ਸੋਹਾਣਾ ਥਾਣੇ ਦਾ ਬਣਦਾ ਹੈ। ਇਸ ਤੋਂ ਬਾਅਦ ਮਾਪਿਆਂ ਨੇ ਸੋਹਾਣਾ ਪੁਲੀਸ ਨਾਲ ਸੰਪਰਕ ਕੀਤਾ। ਲੜਕੀ ਦੇ ਮਾਪੇ ਇਹ ਦੋਸ਼ ਲਗਾ ਰਹੇ ਸੀ ਕਿ ਅਜੇ ਕੁਮਾਰ ਉਨ੍ਹਾਂ ਦੀ ਲੜਕੀ ਨੂੰ ਯੂ.ਪੀ ਦੇ ਪਿੰਡ ਉਨਾਵ ਤੋਂ ਭਜਾ ਕੇ ਲਿਆਇਆ ਹੈ। ਜਿਸ ਕਾਰਨ ਦੋਵਾਂ ਧਿਰਾਂ ਵਿੱਚ ਕਾਫੀ ਤਣਾਅ ਪੈਦਾ ਹੋ ਗਿਆ। ਉਧਰ, ਅਜੇ ਕੁਮਾਰ ਦਾ ਕਹਿਣਾ ਸੀ ਕਿ ਉਹ ਲੜਕੀ ਨੂੰ ਭਜਾ ਕੇ ਨਹੀਂ ਲਿਆ ਸੀ ਸਗੋਂ ਉਨ੍ਹਾਂ ਨੇ ਇਲਾਹਾਬਾਦ ਅਦਾਲਤ ਵਿੱਚ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਇਸ ਤੋਂ ਬਾਅਦ ਉਹ ਕੁੰਭੜਾ ਵਿੱਚ ਆ ਕੇ ਰਹਿਣ ਲੱਗ ਪਏ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਨਮ ਕੁਮਾਰੀ ਪਿਛਲੇ ਇੱਕ ਹਫ਼ਤੇ ਤੋਂ ਸਰਕਾਰੀ ਮੈਡੀਕਲ ਕਾਲਜ ਅਤੇ ਜਨਰਲ ਹਸਪਤਾਲ ਸੈਕਟਰ-32, ਚੰਡੀਗੜ੍ਹ ਵਿੱਚ ਦਾਖ਼ਲ ਸੀ। ਦੱਸਿਆ ਗਿਆ ਹੈ ਕਿ ਲੜਕੀ ਨੂੰ ਕਿਸੇ ਬਾਂਦਰ ਨੇ ਕੱਟ ਲਿਆ ਸੀ ਅਤੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਗਰੋਂ ਜਿਵੇਂ ਹੀ ਅਜੇ ਕੁਮਾਰ ਲਾਸ਼ ਦਾ ਅੰਤਿਮ ਸਸਕਾਰ ਕਰਨ ਲੱਗਾ ਤਾਂ ਏਨੇ ਵਿੱਚ ਸੋਨਮ ਦੇ ਮਾਪੇ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਵੀ ਉਥੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿੱਚ ਲੜਕੀ ਦੀ ਮੌਤ ਨੂੰ ਲੈ ਕੇ ਕਾਫੀ ਤਲਖ਼ੀ ਹੋ ਗਈ ਅਤੇ ਗੱਲ ਥਾਣੇ ਤੱਕ ਪਹੁੰਚ ਗਈ। ਜਿਸ ਕਾਰਨ ਪੁਲੀਸ ਨੇ ਲੜਕੀ ਦੇ ਅੰਤਿਮ ਸਸਕਾਰ ਦੀ ਪ੍ਰਕਿਰਿਆ ਵਿਚਾਲੇ ਹੀ ਰੋਕ ਦਿੱਤੀ ਅਤੇ ਦੋਵਾਂ ਧਿਰਾਂ ਨੂੰ ਗੱਲੀਂ-ਬਾਤੀਂ ਸਮਝਾ ਕੇ ਇਸ ਮਾਮਲੇ ਨੂੰ ਸ਼ਾਂਤ ਕੀਤਾ।
ਲੜਕੀ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਅਜੇ ਕੁਮਾਰ ਕਾਫੀ ਸਮਾਂ ਪਹਿਲਾਂ ਉਨ੍ਹਾਂ ਦੀ ਬੇਟੀ ਨੂੰ ਯੂ.ਪੀ. ਦੇ ਪਿੰਡ ਉਨਾਵ ਵਿੱਚੋਂ ਭਜਾ ਕੇ ਲਿਆਇਆ ਹੈ ਅਤੇ ਇਸ ਸਬੰਧੀ ਅਜੇ ਕੁਮਾਰ ਦੇ ਖ਼ਿਲਾਫ਼ ਉਨਾਵ ਥਾਣੇ ਵਿੱਚ ਸੋਨਮ ਨੂੰ ਕਥਿਤ ਅਗਵਾ ਕਰਨ ਦਾ ਕੇਸ ਵੀ ਦਰਜ ਹੈ। ਮਾਪਿਆਂ ਅਨੁਸਾਰ ਉਨ੍ਹਾਂ ਦੀ ਲੜਕੀ ਨਾਬਾਲਗ ਹੈ। ਉਨ੍ਹਾਂ ਮੰਗ ਕੀਤੀ ਕਿ ਲੜਕੀ ਦੀ ਮੌਤ ਸਬੰਧੀ ਅਜੇ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਜੇ ਨੇ ਉਨ੍ਹਾਂ ਨੂੰ ਸੋਨਮ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਮੌਤ ਤੋਂ ਬਾਅਦ ਅੰਤਿਮ ਸਸਕਾਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਉਧਰ, ਅਜੇ ਕੁਮਾਰ ਨੇ ਪੁਲੀਸ ਕੋਲ ਆਪਣਾ ਪੱਖ ਰੱਖਦਿਆਂ ਸਪੱਸ਼ਟ ਕੀਤਾ ਕਿ ਉਹ ਸੋਨਮ ਨੂੰ ਭਜਾ ਕੇ ਨਹੀਂ ਲਿਆ ਸੀ ਸਗੋਂ ਉਨ੍ਹਾਂ ਨੇ ਪ੍ਰੇਮ ਵਿਆਹ ਤੋਂ ਬਾਅਦ ਉਹ ਦੋਵੇਂ ਜਣੇ ਇਲਾਹਾਬਾਦ ਹਾਈ ਕੋਰਟ ਵਿੱਚ ਪੇਸ਼ ਹੋ ਗਏ ਸੀ ਅਤੇ ਨਿਯਮਾਂ ਅਨੁਸਾਰ ਅਦਾਲਤ ਵਿੱਚ ਆਪਣਾ ਵਿਆਹ ਰਜਿਸਟਰਡ ਕਰਵਾਉਣ ਤੋਂ ਬਾਅਦ ਉਹ ਪਿੰਡ ਸੋਹਾਣਾ ਵਿੱਚ ਆ ਕੇ ਰਹਿਣ ਲੱਗ ਪਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੋਨਮ ਬਾਲਗ ਸੀ। ਅਜੇ ਕੁਮਾਰ ਦੇ ਦੱਸਣ ਮੁਤਾਬਕ ਬੀਤੀ 21 ਫਰਵਰੀ ਨੂੰ ਸੋਨਮ ਆਪਣੇ ਘਰੇ ਰੋਟੀ ਖਾ ਰਹੀ ਸੀ ਕਿ ਇਸ ਦੌਰਾਨ ਇੱਕ ਅਵਾਰਾ ਬਾਂਦਰ ਉਨ੍ਹਾਂ ਦੇ ਵਿਹੜੇ ਆ ਗਿਆ। ਜਿਵੇਂ ਹੀ ਸੋਨਮ ਨੇ ਬਾਂਦਰ ਨੂੰ ਭਜਾਉਣ ਦਾ ਯਤਨ ਕੀਤਾ ਤਾਂ ਬਾਂਦਰ ਨੇ ਉਸ ਨੂੰ ਕੱਟ ਲਿਆ ਅਤੇ ਉਹ ਕਾਫੀ ਜ਼ਖ਼ਮੀ ਹੋ ਗਈ। ਜਿਸ ਨੂੰ ਤੁਰੰਤ ਸੈਕਟਰ-32, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਲੰਘੀ ਰਾਤ ਸੋਨਮ ਦੀ ਮੌਤ ਹੋ ਗਈ।
ਉਧਰ, ਸੋਹਾਣਾ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੜਕੀ ਦਾ ਪੋਸਟ ਮਾਰਟਮ ਕਰਵਾਇਆ ਗਿਆ ਅਤੇ ਮਾਪਿਆਂ ਦੇ ਦੋਸ਼ਾਂ ਬਾਰੇ ਮਾਮਲੇ ਦੀ ਤੈਅ ਤੱਕ ਜਾਣ ਲਈ ਅਜੇ ਕੁਮਾਰ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਅਤੇ ਉਨ੍ਹਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ। ਪੁਲੀਸ ਮੁਤਾਬਕ ਲੜਕੀ ਨੂੰ ਬਾਂਦਰ ਨੇ ਕੱਟਿਆਂ ਸੀ ਅਤੇ ਇਸ ਸਬੰਧੀ ਇਲਾਜ ਕਰਨ ਵਾਲੇ ਡਾਕਟਰ ਨੇ ਵੀ ਆਪਣੀ ਰਿਪੋਰਟ ਵਿੱਚ ਇਸ ਘਟਨਾ ਬਾਰੇ ਜ਼ਿਕਰ ਕੀਤਾ ਹੈ। ਇਸ ਮਗਰੋਂ ਲੜਕੀ ਦੇ ਪਿਤਾ ਰਾਮ ਗੁਲਾਮ ਅਤੇ ਪਤੀ ਅਜੇ ਕੁਮਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਅਧੀਨ ਦੀ ਕਾਰਵਾਈ ਨੂੰ ਸਮੇਟਦਿਆਂ ਲੜਕੀ ਦਾ ਅੰਤਿਮ ਸਸਕਾਰ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਯੂ.ਪੀ ਦੇ ਉਨਾਵ ਪੁਲੀਸ ਨੂੰ ਵੀ ਲੜਕੀ ਦੀ ਮੌਤ ਸਬੰਧੀ ਇਤਲਾਹ ਭੇਜੀ ਗਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …