ਮਟੌਰ ਥਾਣੇ ਵਿੱਚ ਬੰਦ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ, ਬੀਤੀ ਰਾਤ ਇਕ ਝਗੜੇ ਦੇ ਮਾਮਲੇ ਵਿੱਚ ਹੋਇਆ ਸੀ ਗ੍ਰਿਫਤਾਰ

ਪੁਲੀਸ ਅਨੁਸਾਰ ਨੌਜਵਾਨ ਨੇ ਖੁਦਕੁਸ਼ੀ ਕੀਤੀ, ਮਾਮਲੇ ਦੀ ਹੋ ਰਹੀ ਹੈ ਨਿਆਂਇਕ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਇੱਥੋਂ ਦੇ ਫੇਜ਼-7 ਵਿੱਚ ਸਥਿਤ ਥਾਣਾ ਮਟੌਰ ਵਿੱਚ ਅੱਜ ਤੜਕੇ ਸਵੇਰੇ ਕਰੀਬ ਪੰਜ ਵਜੇ ਥਾਣੇ ਦੀ ਹਵਾਲਾਤ ਵਿੱਚ ਬੰਦ ਇੱਕ 30 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਥਾਣੇ ਵਿੱਚ ਹਫੜਾਦਫੜੀ ਮਚ ਗਈ ਅਤੇ ਪੁਲੀਸ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਸਬੰਧੀ ਥਾਣੇ ਦੇ ਸਟਾਫ ਵੱਲੋਂ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਐਸਐਸਪੀ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਗਈ ਜਿਸਤੋੱ ਬਾਅਦ ਇਸ ਮਾਮਲੇ ਦੀ ਨਿਆਇਕ ਜਾਂਚ ਆਰੰਭ ਕਰ ਦਿੱਤੀ ਗਈ।
ਪ੍ਰ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪ੍ਰਵੀਨ ਕੁਮਾਰ ਨੂਰਪੁਰ ਬੇਦੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਜਿਸ ਨੂੰ ਮਟੌਰ ਪੁਲੀਸ ਵੱਲੋਂ ਬੀਤੀ ਦੇਰ ਸ਼ਾਮ ਫੇਜ਼ 7 ਦੀ ਮਾਰਕੀਟ ਵਿੱਚ ਇੱਕ ਹੋਰ ਨੌਜਵਾਨ ਨਾਲ ਝਗੜੇ ਦੇ ਮਾਮਲੇ ਵਿੱਚ ਫੜਿਆ ਗਿਆ ਸੀ। ਇਸ ਵਿਅਕਤੀ ਉੱਪਰ ਇਹ ਇਲਜਾਮ ਸੀ ਕਿ ਉਸਨੇ ਲੜਾਈ ਦੌਰਾਨ ਮਨੋਜ ਕੁਮਾਰ ਨਾਮ ਦੇ ਇੱਕ ਵਿਅਕਤੀ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਰਵੀਨ ਕੁਮਾਰ ਦੀ ਜਾਣਕਾਰ ਕੁੜੀ ਨੇ ਉਸ ਨੂੰ ਸ਼ਿਕਾਇਤ ਕੀਤੀ ਸੀ ਕਿ ਮਨੋਜ ਕੁਮਾਰ ਨਾਮ ਦਾ ਨੌਜਵਾਨ ਉਸ ਨੂੰ ਰਾਹ ਆਉਂਦੇ ਜਾਂਦੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਬੀਤੀ ਸ਼ਾਮ ਉਹ ਮਨੋਜ ਕੁਮਾਰ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਹੀ ਇੱਥੇ ਆਇਆ ਸੀ। ਜਿੱਥੇ ਦੋਵਾਂ ਨੌਜਵਾਨਾਂ ਵਿੱਚ ਹੋਈ ਤਲਖਕਲਾਮੀ ਤੋਂ ਬਾਅਦ ਕਥਿਤ ਤੌਰ ’ਤੇ ਪਰਵੀਨ ਕੁਮਾਰ ਨੇ ਮਨੋਜ ਕੁਮਾਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਮਨੋਜ ਨੂੰ ਇੱਕ ਸਥਾਨਕ ਹਸਪਤਾਲ ਭੇਜਿਆ ਗਿਆ ਸੀ, ਜਿੱਥੋਂ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਸੀ ਅਤੇ ਪਰਵੀਨ ਕੁਮਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋੱ ਪਰਵੀਨ ਕੁਮਾਰ ਨੂੰ ਹਵਾਲਾਤ ਵਿੱਚ ਰੱਖਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਵੇਲੇ ਥਾਣੇ ਵਿੱਚ ਏਐਸਆਈ ਅਸ਼ਵਨੀ ਕੁਮਾਰ ਅਤੇ ਹੌਲਦਾਰ ਅਮਰ ਨਾਥ ਦੀ ਡਿਊਟੀ ਸੀ।
ਪੁਲੀਸ ਅਨੁਸਾਰ ਰਾਤ ਵੇਲੇ ਸਭ ਕੁੱਝ ਠੀਕ ਠਾਕ ਸੀ ਪਰੰਤੂ ਜਦੋੱ ਸਵੇਰੇ 5 ਵਜੇ ਦੇ ਕਰੀਬ ਜਦੋਂ ਹਵਾਲਾਤ ਵਿੱਚ ਦੇਖਿਆ ਤਾਂ ਉਕਤ ਨੌਜਵਾਨ ਨੇ ਰਜਾਈ ਦੇ ਗਿਲਾਫ ਦੇ ਕੱਪੜੇ ਦੀ ਰੱਸੀ ਬਣਾ ਕੇ ਫਾਹਾ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਵਿੱਚ ਨੌਜਵਾਨ ਦੀ ਮੌਤ ਦੀ ਗੱਲ ਸਾਮ੍ਹਣੇ ਆਉਣ ਸਾਰ ਪੁਲੀਸ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦੌਰਾਨ ਤੁਰੰਤ ਫੁਰਤ ਵਿੱਚ ਉੱਥੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਥਾਣੇ ਵਿੱਚ ਮੌਜੂਦ ਪੁਲੀਸ ਕਰਮਚਾਰੀਆਂ ਤੋਂ ਮਾਮਲੇ ਦੀ ਜਾਣਕਾਰੀ ਲਈ। ਇਸ ਸਬੰਧੀ ਐਸਐਸਪੀ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਸੈਸ਼ਨ ਜੱਜ ਨੂੰ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਇਸ ਮਾਮਲੇ ਦੀ ਨਿਆਂਇਕ ਜਾਂਚ ਆਰੰਭ ਕਰ ਦਿੱਤੀ ਗਈ ਅਤੇ ਮਾਣਯੋਗ ਜੱਜ (ਪਹਿਲਾ ਦਰਜਾ) ਹਰਪ੍ਰੀਤ ਸਿੰਘ ਨੇ ਥਾਣੇ ਵਿੱਚ ਪਹੁੰਚ ਕੇ ਜਾਂਚ ਨੂੰ ਆਰੰਭ ਕਰ ਦਿੱਤਾ। ਉਹਨਾਂ ਵੱਲੋਂ ਮੌਕਾ ਵੇਖਿਆ ਗਿਆ ਅਤੇ ਪੁਲੀਸ ਕਰਮਚਾਰੀਆਂ ਅਤੇ ਅਧਿਕਾਰੀਆਂ ਤੋੱ ਇਸ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਥਾਨਕ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਜਿੱਥੇ ਚਾਰ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਗਿਆ। ਡਾਕਟਰਾਂ ਨੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਰਾ ਜਾਂਚ ਲਈ ਕੈਮੀਕਲ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ।
ਉਧਰ, ਸੰਪਰਕ ਕਰਨ ’ਤੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਆਇਕ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਅਸਲ ਕਾਰਨ ਦੀ ਜਾਣਕਾਰੀ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਹਾਸਲ ਹੋ ਪਾਏਗੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਨਿਆਇਕ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…