
ਟੀਡੀਆਈ ਸੈਕਟਰ-110 ਵਿੱਚ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
ਸੈਕਟਰ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ, ਫਲੈਟਾਂ ’ਚ ਆਉਣ ਜਾਣ ਵਾਲਿਆਂ ਦੀ ਵੈਰੀਫਿਕੇਸ਼ਨ ਹੋਵੇ: ਸੈਫ਼ੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਸੋਹਾਣਾ ਥਾਣਾ ਅਧੀਨ ਆਉਂਦੇ ਇੱਥੋਂ ਦੇ ਟੀਡੀਆਈ ਸਿਟੀ ਸੈਕਟਰ-110 ਦੇ ਇਕ ਫਲੈਟ ’ਚੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸੈਕਟਰ ਵਾਸੀਆਂ ਨੂੰ ਦਹਿਸ਼ਤ ਫੈਲ ਗਈ। ਸੈਕਟਰ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕੋਲ ਪਿਸਤੌਲ ਵੀ ਸੀ। ਹਾਲਾਂÎਕ ਸੋਹਾਣਾ ਪੁਲੀਸ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਗਈ ਸੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਵੀ ਸ਼ੁਰੂ ਕੀਤੀ ਗਈ ਲੇਕਿਨ ਹੁਣ ਪੁਲੀਸ ਅਧਿਕਾਰੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਟਲ ਰਹੇ ਹਨ। ਜਦੋਂ ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਹ ਕਹਿ ਪੱਲਾ ਝਾੜ ਲਿਆ ਕਿ ਜੇ ਥਾਣਾ ਮੁਖੀ ਕਹਿਣਗੇ ਤਾਂ ਹੀ ਕੁੱਝ ਦੱਸਾਂਗਾ। ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਐਸਐਚਓ ਇੰਸਪੈਕਟਰ ਭਗਵੰਤ ਸਿੰਘ ਨੂੰ ਕਈ ਫੋਨ ਕੀਤੇ ਗਏ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਉਧਰ, ਟੀਡੀਆਈ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਸਆਰ ਸੈਫੀ ਨੇ ਨੌਜਵਾਨ ਦੀ ਭੇਦਭਰੀ ਮੌਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਟੀਡੀਆਈ ਸ਼ੁਰੂ ਤੋਂ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਅਖ਼ਬਾਰਾਂ ਦੀਆਂ ਸੁਰਖੀਆ ਵਿੱਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਾ ਨੌਜਵਾਨ ਇੱਥੇ ਰਹਿੰਦੇ ਇਕ ਕਿਰਾਏਦਾਰ ਨੌਜਵਾਨ ਕੋਲ ਰਹਿਣ ਲਈ ਆਇਆ ਸੀ। ਉਨ੍ਹਾਂ ਕਿਹਾ ਕਿ ਟੀਡੀਆਈ ਮੈਨੇਜਮੈਂਟ ਵੱਲੋਂ ਇੱਥੇ ਫਲੈਟਾਂ ਵਿੱਚ ਰਹਿ ਰਹੇ ਕਿਰਾਏਦਾਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਨਾ ਸਬੰਧਤ ਪੁਲੀਸ ਵੱਲੋਂ ਇਸ ਖੇਤਰ ਵਿੱਚ ਲੋੜ ਅਨੁਸਾਰ ਪੁਲੀਸ ਗਸ਼ਤ ਹੀ ਕੀਤੀ ਜਾਂਦੀ ਹੈ। ਇਹੀ ਨਹੀਂ ਪੁਲੀਸ ਨੇ ਕਦੇ ਵੀ ਫਲੈਟਾਂ ਵਿੱਚ ਰਹਿੰਦੇ ਬਾਹਰਲੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਵੀ ਨਹੀਂ ਕੀਤੀ।
ਸ੍ਰੀ ਸੈਫ਼ੀ ਨੇ ਪਿੱਛੇ ਜਿਹੇ ਮੁਹਾਲੀ ਦੇ ਨਵੇਂ ਸੈਕਟਰਾਂ ਵਿੱਚ ਵਾਪਰੀਆਂ ਅਪਰਾਧਿਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ਡਰੱਗ ਮਾਫੀਆ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਕਾਰਨ ਆਮ ਪਰਿਵਾਰਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੈਰ-ਰਜਿਸਟਰਡ ਪ੍ਰਾਪਰਟੀ ਡੀਲਰ ਇਸ ਕਾਰਜ ਵਿੱਚ ਮੋਹਰੀ ਰੋਲ ਨਿਭਾ ਰਹੇ ਹਨ। ਉਨ੍ਹਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਡਰੱਗ ਮਾਫ਼ੀਆ ਅਤੇ ਗੈਂਗਸਟਰਾਂ ਨਾਲ ਜੁੜਦੇ ਤਾਰ ਖੰਘਾਲੇ ਜਾਣ। ਸੈਕਟਰ ਵਾਸੀਆਂ ਨੇ ਪੁਲੀਸ ਤੋਂ ਮੰਗ ਕੀਤੀ ਕਿ ਇਸ ਖੇਤਰ ਵਿੱਚ ਪੁਲੀਸ ਗਸ਼ਤ ਤੇਜ਼ ਕੀਤੀ ਜਾਵੇ।