
ਵੱਡੇ ਬਾਦਲ ਦੀ ਮੌਤ: ਸਿੱਖਿਆ ਬੋਰਡ ਵੱਲੋਂ 27 ਅਪਰੈਲ ਦੀ ਪ੍ਰਯੋਗੀ ਪ੍ਰੀਖਿਆ ਮੁਲਤਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਬਿਮਾਰੀ ਦੌਰਾਨ ਦੇਹਾਂਤ ਹੋਣ ’ਤੇ ਸੂਬਾ ਸਰਕਾਰ ਵੱਲੋਂ ਸੋਗ ਵਜੋਂ ਭਲਕੇ 27 ਅਪਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤੇ ਜਾਣ ਕਾਰਨ ਇਸ ਦਿਨ ਕਰਵਾਏ ਜਾਣ ਵਾਲੀ ਪ੍ਰਯੋਗੀ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਭਲਕੇ ਵੀਰਵਾਰ ਨੂੰ ਛੁੱਟੀ ਦਾ ਐਲਾਨ ਹੋਣ ਕਾਰਨ 27 ਅਪਰੈਲ ਨੂੰ ਕਰਵਾਏ ਜਾਣ ਵਾਲੀ ਪ੍ਰਯੋਗੀ ਪ੍ਰੀਖਿਆ ਹੁਣ 2 ਮਈ (ਮੰਗਲਵਾਰ) ਨੂੰ ਪਹਿਲਾਂ ਮਿੱਥੇ ਸਮੇਂ ਅਤੇ ਸਬੰਧਤ ਪ੍ਰੀਖਿਆ ਕੇਂਦਰਾਂ ਵਿੱਚ ਹੀ ਕਰਵਾਈ ਜਾਵੇਗੀ।
ਇਸ ਸਬੰਧੀ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਬੰਧਤ ਸਕੂਲਾਂ ਅਤੇ ਪ੍ਰੀਖਿਆ ਅਮਲੇ ਨੂੰ ਉਚੇਚੇ ਤੌਰ ’ਤੇ ਹਦਾਇਤ ਕੀਤੀ ਹੈ ਕਿ ਇਸ ਤਬਦੀਲੀ ਬਾਰੇ ਸਬੰਧਤ ਪ੍ਰੀਖਿਆਰਥੀਆਂ ਨੂੰ ਤੁਰੰਤ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਵੀ ਉਪਲਬਧ ਕਰਵਾਈ ਗਈ ਹੈ ਅਤੇ ਜ਼ਰੂਰਤ ਪੈਣ ’ਤੇ ਈ-ਮੇਲ ਆਈਡੀ srsecconduct.pseb.punjab.gov.in ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।