
ਸਨਰਾਈਜ਼ ਸਪੋਰਟਸ ਦੇ ਮਾਲਕ ਦੀ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਇੱਥੋਂ ਦੇ ਸਨਰਾਈਜ਼ ਸਪੋਰਟਸ ਸੈਕਟਰ-70 ਦੇ ਮਾਲਕ ਦੀਪਕ (35) ਦੀ ਮੌਤ ਹੋ ਗਈ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਦੱਸਿਆ ਕਿ ਇਸ ਸਬੰਧੀ ਪਰਿਵਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਕੁੱਝ ਖਿਡਾਰੀ ਇੱਥੋਂ ਦੇ ਸੈਕਟਰ-69 ਸਥਿਤ ਸ਼ੈਮਰਾਕ ਪਬਲਿਕ ਸਕੂਲ ਨੇੜਲੇ ਖੇਡ ਸਟੇਡੀਅਮ ਵਿੱਚ ਪ੍ਰੈਕਟਿਸ ਕਰ ਰਹੇ ਸੀ। ਬਾਰਸ਼ ਕਾਰਨ ਛੱਤ ਤੋਂ ਪਾਣੀ ਟਪਕਣ ਲੱਗ ਪਿਆ। ਇਸ ਦੌਰਾਨ ਦੀਪਕ ਸਟੇਡੀਅਮ ਦੀ ਫਾਈਬਰ ਵਾਲੇ ਸ਼ੈੱਡ ’ਤੇ ਚੜ੍ਹ ਕੇ ਮੀਂਹ ਦਾ ਪਾਣੀ ਕੱਢਣ ਦੀ ਕੋਸ਼ਿਸ਼ ਕਰਨ ਲੱਗ ਪਿਆ ਪ੍ਰੰਤੂ ਫਾਈਬਰ ਦਾ ਸ਼ੈੱਡ ਟੁੱਟ ਜਾਣ ਕਾਰਨ ਦੀਪਕ ਥੱਲੇ ਡਿੱਗ ਪਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਦੀਪਕ ਉੱਥੇ ਆਪਣੇ ਦੋਸਤ ਕੋਚ ਸੂਰਜ ਨੂੰ ਮਿਲਣ ਗਿਆ ਸੀ ਕਿ ਭਲਾਈ ਦੇ ਚੱਕਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਤੁਰੰਤ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।